ਵੱਡੇ ਕਾਫ਼ਲੇ ਸਣੇ ਜੇਲ੍ਹ 'ਚ ਸਾਧੂ ਸਿੰਘ ਧਰਮਸੋਤ ਨੂੰ ਮਿਲਣ ਪਹੁੰਚੇ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ
ਨਾਭਾ, 6 ਜੁਲਾਈ: ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਪਹੁੰਚੇ ਜਿੱਥੇ ਉਨ੍ਹਾਂ ਨੇ ਜੇਲ੍ਹ ਵਿੱਚ ਕੈਦ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਮੁਲਾਕਾਤ ਕੀਤੀ। ਇਹ ਵੀ ਪੜ੍ਹੋ: ਗੈਂਗਸਟਰ ਗੋਲਡੀ ਬਰਾੜ ਦੇ ਨਾਂਅ 'ਤੇ ਵਿਦੇਸ਼ਾਂ ਤੋਂ ਆ ਰਹੇ ਹਨ ਫੋਨ ਅਤੇ ਚਿੱਠੀਆਂ, ਲੱਖਾਂ ਰੁਪਏ ਦੀ ਮੰਗੀ ਜਾ ਰਹੀ ਹੈ ਫਿਰੌਤੀ ਪੰਜਾਬ ਕਾਂਗਰਸ ਪ੍ਰਧਾਨ ਦੀ ਇਹ ਮੁਲਾਕਾਤ ਕਰੀਬ ਇਕ ਘੰਟਾ ਚੱਲੀ, ਜਿੱਥੇ ਉਨ੍ਹਾਂ ਸਾਧੂ ਸਿੰਘ ਧਰਮਸੋਤ ਦਾ ਹਾਲ ਚਾਲ ਪੁੱਛਿਆ ਅਤੇ ਉੱਥੇ ਜੇਲ੍ਹ 'ਚ ਸਖਤੀ ਬਾਰੇ ਚਰਚਾ ਵੀ ਕੀਤੀ। ਦੱਸਿਆ ਜਾ ਰਿਹਾ ਕਿ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਨਾਲ ਵੱਡਾ ਕਾਫਲਾ ਵੀ ਜੇਲ੍ਹ ਦੇ ਅੰਦਰ ਪਹੁੰਚਿਆ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਅੱਜ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਜਾਣਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਦੱਸਿਆ ਕਿ ਧਰਮਸੋਤ ਨਾਲ ਮਹਿਜ਼ ਜੇਲ੍ਹ ਅੰਦਰ ਸਖ਼ਤੀ ਬਾਬਤ ਹੀ ਗੱਲ ਹੋਈ ਅਤੇ ਇਸਤੋਂ ਇਲਾਵਾ ਕਿਸੀ ਮੁੱਦੇ 'ਤੇ ਕੋਈ ਚਰਚਾ ਨਹੀਂ ਹੋਈ। ਇਹ ਵੀ ਪੜ੍ਹੋ: ਬੇਅਦਬੀ ਮਾਮਲਿਆਂ 'ਚ ਕਲੀਨ ਚਿੱਟ ਮਿਲਣ ਤੋਂ ਬਾਅਦ ਕਾਂਗਰਸ ਤੇ 'ਆਪ' ਖ਼ਿਲਾਫ਼ ਅਦਾਲਤ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਰਾਜਾ ਵੜਿੰਗ ਨੇ ਕਿਹਾ ਕਿ ਇਸਤੋਂ ਪਹਿਲਾਂ ਉਨ੍ਹਾਂ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਪਟਿਆਲਾ ਜੇਲ੍ਹ 'ਚ ਮਿਲਣ ਜਾਣਾ ਸੀ ਪਰ ਨਰਾਤਿਆਂ ਸੰਬੰਧਿਤ ਧਾਰਮਿਕ ਵਿਸ਼ੇ ਕਰਕੇ ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਬਾਅਦ ਦੀ ਮੁਲਾਕਾਤ ਜ਼ਿਆਦਾ ਮੁਨਸਫ਼ ਹੋਵੇਗੀ। -PTC News