ਰਾਜਾ ਵੜਿੰਗ ਆਪਣੇ ਪਰਿਵਾਰ ਤੇ ਕਈ ਕਾਂਗਰਸੀ ਲੀਡਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਨੇ ਪਰਿਵਾਰ ਤੇ ਨਵੀਂ ਕਾਂਗਰਸ ਦੀ ਟੀਮ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮਗਰੋਂ ਸ੍ਰੀ ਦੁਰਗਿਆਣਾ ਮੰਦਿਰ ਅਤੇ ਭਗਵਾਨ ਵਾਲਮੀਕੀ ਜੀ ਰਾਮ ਤੀਰਥ ਸਥਾਨ ਦੇ ਦਰਸ਼ਨ ਕੀਤੇ। ਇਸ ਮੌਕੇ ਕਾਂਗਰਸ ਦੇ ਕਈ ਲੀਡਰ ਪ੍ਰਤਾਪ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ ਸਮੇਤ ਅਨੇਕਾਂ ਆਗੂ ਮੌਜੂਦ ਰਹੇ। ਉਨ੍ਹਾਂ ਦੇ ਇਸ ਦੌਰੇ ਦੌਰਾਨ ਕਾਂਗਰਸ ਦੇ ਕੁਝ ਚੋਣਵੇਂ ਚਿਹਰੇ ਹੀ ਇਕੱਠੇ ਨਜ਼ਰ ਆਏ, ਜਦਕਿ ਬਾਕੀ ਸੀਨੀਅਰ ਆਗੂਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅਮਰਿੰਦਰ ਸਿੰਘ ਸਵੇਰੇ ਕਰੀਬ 4.30 ਵਜੇ ਰਾਜਾ ਵੜਿੰਗ ਹਰਿਮੰਦਰ ਸਾਹਿਬ ਵਿਖੇ ਪੁੱਜੇ। ਪਾਲਕੀ ਸਾਹਿਬ ਦੀ ਸੇਵਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਅਤੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮਿੱਠੂ ਮਦਾਨ ਵੀ ਮੌਜੂਦ ਸਨ। ਰਾਜਾ ਵੜਿੰਗ ਨੇ ਹੁਣ ਤੱਕ ਦੌਰੇ ਦੌਰਾਨ ਕੋਈ ਸਿਆਸੀ ਬਿਆਨਬਾਜ਼ੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਲੈਣ ਆਏ ਸਨ। ਇਹ ਵੀ ਪੜ੍ਹੋ: ਦਿੱਲੀ ਦੇ ਪ੍ਰਾਈਵੇਟ ਸਕੂਲ 'ਚ ਕੋਰੋਨਾ ਨੇ ਦਿੱਤੀ ਦਸਤਕ, 5 ਵਿਦਿਆਰਥੀ ਕੋਰੋਨਾ ਪੌਜ਼ੇਟਿਵ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਕਾਂਗਰਸ ਦੀ ਨਵੀਂ ਟੀਮ ਦੁਰਗਿਆਣਾ ਮੰਦਰ ਵੀ ਗਈ। ਇੱਥੇ ਦੁਰਗਿਆਣਾ ਮੰਦਰ ਕਮੇਟੀ ਨੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਤੋਂ ਬਾਅਦ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਭਾਰਤ ਭੂਸ਼ਨ ਰਾਜੂ ਅਤੇ ਰਾਜ ਕੁਮਾਰ ਚੱਬੇਵਾਲ ਨੇ ਵੀ ਸ੍ਰੀ ਰਾਮ ਤੀਰਥ ਵਿਖੇ ਜਾ ਕੇ ਅਸ਼ੀਰਵਾਦ ਲਿਆ। ਅੰਮ੍ਰਿਤਸਰ ਪੁੱਜੇ ਰਾਜਾ ਵੜਿੰਗ ਨੇ ਡਿਪਟੀ ਸੀਐਮ ਸਾਬਕਾ ਓ ਪੀ ਸੋਨੀ ਦਾ ਆਸ਼ੀਰਵਾਦ ਲਿਆ। ਰਾਜਾ ਵੜਿੰਗ ਨੇ ਓ ਪੀ ਸੋਨੀ ਨਾਲ ਇਕ ਨਿੱਜੀ ਹੋਟਲ ਵਿਚ ਮੁਲਾਕਾਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਨਾਲ ਕਾਂਗਰਸ ਦੇ ਕਈ ਸਾਬਕਾ ਐਮ ਐਲ ਏ ਵੀ ਮੌਜੂਦ ਰਹੇ। ਨਵਜੋਤ ਸਿੱਧੂ ਨੂੰ ਮਿਲਣ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਫੋਨ ਕੀਤਾ ਸੀ ਪਰ ਉਹ ਸ਼ਹਿਰ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਡਾ. ਨਵਜੋਤ ਕੌਰ ਸਿੱਧੂ ਹੋਰਾਂ ਨਾਲ ਵੀ ਮੈਂ ਮੁਲਾਕਾਤ ਕਰਨੀ ਚਾਹੀ ਪਰ ਤਬੀਅਤ ਠੀਕ ਨਾ ਹੋਣ ਕਰਕੇ ਉਨ੍ਹਾਂ ਨਾਲ ਵੀ ਮੁਲਾਕਾਤ ਨਹੀਂ ਹੋਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਪਸੀ ਗੁੱਟਬਾਜ਼ੀ ਕਰਕੇ ਕਾਂਗਰਸ ਨੂੰ ਚੋਣਾਂ ਵਿਚ ਬਹੁਤ ਵੱਡਾ ਨੁਕਸਾਨ ਹੋਇਆ। ਗਵਰਨਰ ਵੱਲੋਂ ਸਰਹੱਦੀ ਸੂਬਿਆਂ ਦਾ ਦੌਰਾ ਕਰਨਾ ਸੰਵਿਧਾਨ ਦੇ ਉਲਟ ਹੈ। ਅਰਵਿੰਦ ਕੇਜਰੀਵਾਲ ਨੇ ਵੀ ਅਫਸਰਾਂ ਦੀਆਂ ਮੀਟਿੰਗਾਂ ਕਰਕੇ ਸੰਵਿਧਾਨ ਦੇ ਉਲਟ ਕੰਮ ਕੀਤਾ ਹੈ ਤੇ ਇਸ ਵਿਚ ਪੰਜਾਬ ਦੇ ਮੁੱਖ ਮੰਤਰੀ ਦਾ ਵਿੱਚ ਦਖ਼ਲ ਹੋਣਾ ਚਾਹੀਦਾ ਸੀ। ਆਮ ਆਦਮੀ ਪਾਰਟੀ ਵੱਲੋਂ ਬਿਜਲੀ 300 ਯੂਨਿਟ ਬਿਜਲੀ ਫ੍ਰੀ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ 300 ਯੂਨਿਟ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਜਦੋਂ 300 ਤੋਂ ਇੱਕ ਯੂਨਿਟ ਵੀ ਵੱਧ ਹੋਵੇਗਾ ਤਾਂ ਇਹ ਪੂਰੇ ਪੈਸੇ ਜਿਹੜੇ ਲੋਕਾਂ ਕੋਲੋਂ ਵਸੂਲਣਗੇ। ਦੱਸਣਯੋਗ ਹੈ ਕਿ ਥੋੜੇ ਦਿਨ ਪਹਿਲਾਂ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਰਾਜਾ ਵੜਿੰਗ ਦੀ ਨਿਯੁਕਤੀ ਤੋਂ ਬਾਅਦ ਸੂਬੇ ਵਿੱਚ ਕਾਂਗਰਸ ਪਾਰਟੀ ਦਾ ਰਵੱਈਆ ਬਦਲਿਆ ਨਜ਼ਰ ਆ ਰਿਹਾ ਹੈ। ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਅਨੁਸ਼ਾਸਨ ਤੋੜਨ ਵਾਲਿਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਆਮ ਆਦਮੀ ਪਾਰਟੀ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਫੇਰਬਦਲ ਕੀਤਾ ਗਿਆ ਹੈ। ਇਸ ਚੋਣ ਵਿਚ ਹਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਲੀਡਰਸ਼ਿਪ ਦੇ ਕਹਿਣ 'ਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। -PTC News