ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਏ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ
ਚੰਡੀਗੜ੍ਹ : ਪੰਜਾਬ ਵਿੱਚ ਸਵੇਰੇ ਤੜਕੇ ਪਏ ਮੀਂਹ ਨੇ ਮੌਸਮ ਮੁੜ ਸੁਹਾਵਣਾ ਕਰ ਦਿੱਤਾ। ਸਵੇਰੇ ਤੜਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬੂੰਦਾਬਾਂਦੀ ਹੁੰਦੀ ਰਹੀ। ਇਸ ਨਾਲ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਵੀ ਅਲਰਟ ਜਾਰੀ ਕੀਤਾ ਹੋਇਆ। ਸ਼ਨਿੱਚਰਵਾਰ ਨੂੰ ਮੀਂਹ ਦੀ ਸੰਭਾਵਨਾ ਹੈ। ਕੱਲ੍ਹ ਦਿੱਲੀ ਵਿੱਚ ਵੀ ਭਾਰੀ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਦੇ ਮੱਧ ਤੇ ਪੂਰਬੀ ਭਾਰਤ ਵੱਲ ਵਧਣ ਦੇ ਨਾਲ ਹੀ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਗਰਮੀ ਦੀ ਤੀਬਰਤਾ ਘਟੀ ਹੈ ਤੇ ਨਵੀਂ ਪੱਛਮੀ ਗੜਬੜੀ ਉੱਤਰ-ਪੱਛਮੀ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ। 29 ਜੂਨ ਤਕ ਦੇਸ਼ ਵਿੱਚ ਕਿਤੇ ਵੀ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਨਹੀਂ ਹੈ। ਦੇਸ਼ ਦੇ ਉੱਤਰ-ਪੱਛਮੀ ਤੇ ਮੱਧ ਭਾਗ ’ਚ ਵੱਧ ਤੋਂ ਵੱਧ ਤਾਪਮਾਨ 5 ਤੋਂ 10 ਡਿਗਰੀ ਸੈਲਸੀਅਸ ਤਕ ਡਿੱਗ ਗਿਆ ਹੈ। ਤਿੰਨ ਜੂਨ ਤੋਂ ਸ਼ੁਰੂ ਹੋਇਆ ਗਰਮੀ ਦਾ ਕਹਿਰ ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰੀ ਰਾਜਸਥਾਨ, ਪੰਜਾਬ, ਹਰਿਆਣਾ, ਦੱਖਣ-ਪੂਰਬੀ ਉੱਤਰ ਪ੍ਰਦੇਸ਼, ਉੱਤਰੀ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਵਿਦਰਭ ਖੇਤਰ ਵਿੱਚ 12 ਜੂਨ ਤਕ ਜਾਰੀ ਰਿਹਾ। ਇਸ ਤੋਂ ਬਾਅਦ ਇਸ ਦਾ ਅਸਰ ਘੱਟ ਗਿਆ ਤੇ 15 ਜੂਨ ਤਕ ਦਿੱਲੀ, ਦੱਖਣੀ ਹਰਿਆਣਾ, ਦੱਖਣ-ਪੂਰਬੀ ਉੱਤਰ ਪ੍ਰਦੇਸ਼ ਤੇ ਪੱਛਮੀ ਹਿਮਾਲਿਆ ਖੇਤਰ ਤਕ ਰਹਿ ਗਿਆ ਸੀ। ਝਾਰਖੰਡ, ਪੱਛਮੀ ਬਿਹਾਰ, ਉੱਤਰੀ ਓਡੀਸ਼ਾ ਤੇ ਛੱਤੀਸਗੜ੍ਹ ਵਿੱਚ ਵੀ 10 ਤੋਂ 15 ਜੂਨ ਤਕ ਗਰਮੀ ਦਾ ਦੌਰ ਰਿਹਾ। ਵਿਭਾਗ ਦਾ ਕਹਿਣਾ ਹੈ ਕਿ ਦੱਖਣ-ਪੱਛਮੀ ਮੌਨਸੂਨ ਦੇ 23 ਤੋਂ 29 ਜੂਨ ਦਰਮਿਆਨ ਮੱਧ ਭਾਰਤ ਦੇ ਬਾਕੀ ਹਿੱਸਿਆਂ ਤੇ ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਪੁੱਜਣ ਦੀ ਸੰਭਾਵਨਾ ਹੈ। ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਦੇਸ਼ ਵਿੱਚ ਇਕ ਜੂਨ ਤੋਂ ਹੁਣ ਤਕ 62.1 ਮਿਲੀਮੀਟਰ ਬਾਰਿਸ਼ ਦੀ ਥਾਂ ਸਿਰਫ਼ 42.3 ਮਿਲੀਮੀਟਰ ਬਾਰਿਸ਼ ਹੋਈ ਹੈ ਜਿਹੜੀ 32 ਫ਼ੀਸਦੀ ਘੱਟ ਹੈ। ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ ਪਟਿਆਲਾ ਪਹੁੰਚੇ ਸੁਖਪਾਲ ਖਹਿਰਾ, ਕੀਤੀ ਨਵਜੋਤ ਸਿੱਧੂ ਨਾਲ ਮੁਲਾਕਾਤ