ਖਰੜ ਦੇ ਸਰਕਾਰੀ ਸਕੂਲ 'ਚ ਮੀਂਹ ਬਣਿਆ ਆਫ਼ਤ, ਬੱਚਿਆਂ ਨੂੰ ਸਕੂਲ ਤੋਂ ਕੀਤੀ ਛੁੱਟੀ
ਖਰੜ: ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਸਵੇਰੇ ਤੋਂ ਬਾਰਿਸ਼ ਹੋ ਰਹੀ ਹੈ। ਪੰਜਾਬ ਵਿਚ ਤੇਜ਼ ਬਰਸਾਤ ਕਾਰਨ ਜਿੱਥੇ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੀ, ਉੱਥੇ ਸਾਰਾ ਸ਼ਹਿਰ, ਸੜਕਾਂ ਮੀਂਹ ਦੇ ਪਾਣੀ ਨਾਲ ਜਲਥਲ ਹੋ ਗਈਆਂ ਹਨ। ਇਸ ਵਿਚਾਲੇ ਮੋਹਾਲੀ ਜ਼ਿਲ੍ਹੇ ਦੇ ਖਰੜ ਕਸਬੇ ਦੇ ਸਰਕਾਰੀ ਸਕੂਲ ਲਈ ਮਾਨਸੂਨ ਦਾ ਮੀਂਹ ਤਬਾਹੀ ਬਣ ਕੇ ਆਇਆ ਹੈ। ਸਕੂਲ ਵਿੱਚ ਬਰਸਾਤੀ ਪਾਣੀ ਭਰ ਗਿਆ, ਜਿਸ ਕਾਰਨ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ । ਅੱਜ ਸਵੇਰੇ ਪਏ ਮੀਂਹ ਕਾਰਨ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖਰੜ ਵਿੱਚ ਪਾਣੀ ਭਰ ਗਿਆ। ਪਾਣੀ ਇੰਨਾ ਜ਼ਿਆਦਾ ਸੀ ਕਿ ਨਾ ਤਾਂ ਬੈਠਣ ਲਈ ਥਾਂ ਸੀ ਅਤੇ ਨਾ ਹੀ ਖੜ੍ਹੇ ਹੋਣ ਦੇ ਯੋਗ ਸੀ। ਅਜਿਹੇ 'ਚ ਸਕੂਲ ਦੇ ਪ੍ਰਿੰਸੀਪਲ ਨੂੰ ਕਲਾਸ ਟੀਚਰਾਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਜਾਣ ਲਈ ਕਹਿਣਾ ਪਿਆ। ਦੱਸ ਦਈਏ ਕਿ ਖਰੜ ਵਿੱਚ ਵੀ ਬਰਸਾਤ ਕਾਰਨ ਕਈ ਥਾਵਾਂ ਤੇ ਗਲੀਆਂ ਵਿੱਚ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਚੰਡੀਗੜ੍ਹ ਦੇ ਕਈ ਸੈਕਟਰਾਂ ਦੀਆਂ ਸੜਕਾਂ ਵੀ ਪਾਣੀ ਨਾਲ ਭਰ ਗਈਆਂ ਹਨ। ਪਾਣੀ ਭਰਨ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਵਿੱਚ ਵਾਹਨ ਰੁਕ ਰਹੇ ਹਨ। ਮੀਂਹ ਦਾ ਪਾਣੀ ਕਈ ਲੋਕਾਂ ਦੇ ਘਰਾਂ ਵਿੱਚ ਵੀ ਵੜ ਗਿਆ ਹੈ। ਸ਼ਹਿਰ ਦੀਆਂ ਕੁਝ ਸੜਕਾਂ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੀਆਂ ਹਨ। ਪਾਣੀ ਦੀ ਨਿਕਾਸੀ ਵਿੱਚ ਵੀ ਕਾਫੀ ਸਮਾਂ ਲੱਗ ਰਿਹਾ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਸਵੇਰੇ 8.30 ਵਜੇ ਤੱਕ ਅੰਮ੍ਰਿਤਸਰ ਜ਼ਿਲ੍ਹੇ ਵਿੱਚ 67 ਮਿਲੀਮੀਟਰ ਅਤੇ ਲੁਧਿਆਣਾ ਵਿੱਚ 100 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਹ 2022 ਦੇ ਮਾਨਸੂਨ ਸੀਜ਼ਨ ਦੀ ਸਭ ਤੋਂ ਵੱਧ ਬਾਰਿਸ਼ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਮਾਝੇ ਅਧੀਨ ਪੈਂਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ ਅਤੇ ਪੂਰਬੀ ਮਾਲਵਾ ਜ਼ਿਲ੍ਹਿਆਂ ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੋਪੜ, ਪਟਿਆਲਾ ਅਤੇ ਮੋਹਾਲੀ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ। -PTC News