ਰਿਹਾਇਸ਼ੀ ਇਲਾਕੇ 'ਚ ਸ਼ਰਾਬ ਦਾ ਠੇਕਾ ਖੋਲ੍ਹਣ 'ਤੇ ਲੋਕਾਂ 'ਚ ਰੋਸ
ਲੁਧਿਆਣਾ : ਲੁਧਿਆਣਾ ਵਿੱਚ ਆਮ ਆਦਮੀ ਕਲੀਨਿਕ ਦੀ ਜਗ੍ਹਾ ਉਤੇ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਉਤੇ ਲੋਕਾਂ ਵਿੱਚ ਭਾਰੀ ਰੋਸ ਹੈ। ਜਾਣਕਾਰੀ ਅਨੁਸਾਰ ਟੈਕਸਟਾਈਲ ਕਲੋਨੀ ਨਿਵਾਸੀਆਂ ਨੇ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਮੁਹੱਲਾ ਕਲੀਨਿਕ ਦੀ ਜਗ੍ਹਾ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ। ਲੁਧਿਆਣਾ ਦੇ ਆਰਕੇ ਰੋਡ ਟੈਕਸਟਾਈਲ ਕਲੋਨੀ ਵਿੱਚ ਸ਼ਰਾਬ ਦਾ ਠੇਕਾ ਖੁੱਲ੍ਹਣ ਨੂੰ ਲੈਕੇ ਇਲਾਕਾ ਨਿਵਾਸੀ ਤੇ ਇੰਡਸਟਰੀ ਵਾਲਿਆਂ ਨੇ ਵਿਰੋਧ ਜ਼ਾਹਿਰ ਕੀਤਾ। ਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਾਨੂੰ ਲੱਗਿਆ ਜਿਵੇਂ ਇਲਾਕੇ ਵਿੱਚ ਮੁਹੱਲਾ ਕਲੀਨਿਕ ਖੁੱਲ੍ਹ ਚੁੱਕਿਆ ਹੈ ਪਰ ਜਦੋਂ ਅਸੀਂ ਬਾਹਰ ਆ ਕੇ ਵੇਖਿਆ ਤਾਂ ਸ਼ਰਾਬ ਦਾ ਠੇਕਾ ਖੁੱਲ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਲਾਕੇ ਵਿੱਚ ਸ਼ਰਾਬ ਦਾ ਠੇਕਾ ਖੁੱਲ੍ਹਣ ਨਾਲ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਉਨ੍ਹਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨਾਂ ਨੇ ਕਿਹਾ ਸ਼ਰਾਬ ਦਾ ਠੇਕਾ ਖੁੱਲ੍ਹਣ ਨਾਲ ਇਲਾਕੇ ਵਿੱਚ ਮਾੜਾ ਅਸਰ ਪਵੇਗਾ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਸ਼ਰਾਬ ਦੇ ਠੇਕੇ ਨੂੰ ਇਥੇ ਚੁਕਵਾਏ। ਉਨ੍ਹਾਂ ਨੇ ਦੱਸਿਆ ਕਿ ਅਸੀਂ ਕੌਂਸਲਰ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਾਂ, ਉਮੀਦ ਹੈ ਕਿ ਜਲਦ ਤੋਂ ਜਲਦ ਇਸ ਠੇਕੇ ਨੂੰ ਚੁੱਕਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਜਾਵੇਗੀ ਅਤੇ ਇਥੇ ਸ਼ਰਾਬ ਦਾ ਠੇਕਾ ਬਿਲਕੁਲ ਵੀ ਖੁੱਲ੍ਹਣ ਨਹੀਂ ਦਿੱਤਾ ਜਾਵੇਗਾ। ਲੋਕਾਂ ਨੇ ਕਿਹਾ ਕਿ ਇਹ ਠੇਕਾ ਇਕ ਘਰ ਵਿੱਚ ਖੋਲ੍ਹਿਆ ਗਿਆ ਅਤੇ ਉਪਰਲੀ ਮੰਜ਼ਿਲ ਵਿੱਚ ਬੱਚੇ ਵੀ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਸ਼ਰਾਬ ਦਾ ਠੇਕਾ ਇਥੋਂ ਨਾ ਚੁੱਕਿਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ ਸਨਅਤ ਲਈ ਸਿੰਗਲ ਵਿੰਡੋ ਰਾਹੀਂ ਸਾਰੀਆਂ ਮਨਜ਼ੂਰੀਆਂ ਦਿੱਤੀਆਂ ਜਾਣਗੀਆਂ: ਅਨਮੋਲ ਗਗਨ ਮਾਨ