ਪੰਜਾਬ ਦੇ ਇਕਬਾਲ ਸਿੰਘ ਲਾਲਪੁਰਾ ਭਾਜਪਾ ਸੰਸਦੀ ਬੋਰਡ ਵਿੱਚ ਸ਼ਾਮਲ, ਗਡਕਰੀ ਤੇ ਚੌਹਾਨ ਬਾਹਰ
ਚੰਡੀਗੜ੍ਹ, 17 ਅਗਸਤ: ਭਾਜਪਾ ਨੇ ਇਕ ਵੱਡੇ ਫੇਰਬਦਲ ਵਿਚ ਸੀਨੀਅਰ ਨੇਤਾਵਾਂ ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਨੂੰ ਪਾਰਟੀ ਦੀ ਸਰਬਉੱਚ ਫੈਸਲਾ ਲੈਣ ਵਾਲੀ ਸੰਸਦੀ ਬੋਰਡ ਸੰਸਥਾ ਤੋਂ ਬਾਹਰ ਕਰ ਦਿੱਤਾ ਹੈ। ਭਾਜਪਾ ਨੇ ਬੁੱਧਵਾਰ ਨੂੰ ਸਿਖਰਲੇ ਫੈਸਲੇ ਲੈਣ ਵਾਲੀਆਂ ਸੰਸਥਾਵਾਂ 'ਸੰਸਦੀ ਬੋਰਡ' ਅਤੇ 'ਕੇਂਦਰੀ ਚੋਣ ਕਮੇਟੀਨੇ' ਦਾ ਪੁਨਰਗਠਨ ਕੀਤਾ ਹੈ। ਸੀਨੀਅਰ ਨੇਤਾ ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਨੂੰ ਇਨ੍ਹਾਂ ਕਮੇਟੀਆਂ ਤੋਂ ਬਾਹਰ ਕਰ ਦਿੱਤਾ ਗਿਆ। ਇਸ ਦੌਰਾਨ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਅਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਸੰਸਦੀ ਬੋਰਡ ਵਿੱਚ ਸ਼ਾਮਲ ਨਵੇਂ ਚਿਹਰੇ ਹਨ। ਪੰਜਾਬ ਦੇ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ ਨੂੰ ਵੀ ਇਨ੍ਹਾਂ ਕਮੇਟੀਆਂ 'ਚ ਸ਼ਾਮਲ ਕੀਤਾ ਗਿਆ। ਸਾਬਕਾ ਆਈਪੀਐਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ 2012 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਮੌਜੂਦਾ ਸਮੇਂ ਵਿੱਚ ਘੱਟ ਗਿਣਤੀਆਂ ਲਈ ਕੌਮੀ ਕਮਿਸ਼ਨ ਦੇ ਚੇਅਰਮੈਨ ਹਨ। ਉਨ੍ਹਾਂ ਨੂੰ ਪਾਰਟੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਵਾਲੀ ਦੋਵੇਂ ਅਹਿਮ ਕਮੇਟੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਨਵੇਂ ਸੰਸਦੀ ਬੋਰਡ ਵਿੱਚ ਹੋਰ ਨੇਤਾਵਾਂ 'ਚ ਦੇਵੇਂਦਰ ਫੜਨਵੀਸ, ਸੁਧਾ ਯਾਦਵ, ਕੇ ਲਕਸ਼ਮਣ ਅਤੇ ਸੱਤਿਆਨਾਰਾਇਣ ਜਾਟੀਆ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸੰਸਦੀ ਬੋਰਡ ਵਿੱਚ ਮੁੜ ਵਾਪਸੀ ਕੀਤੀ ਹੈ। -PTC News