ਫਰੀਦਕੋਟ:ਪੰਜਾਬ ਦੇ ਨੌਜਵਾਨਾਂ ਨੂੰ ਮਾੜੀਆਂ ਅਲਾਮਤਾਂ ਵੱਲੋਂ ਮੋੜ ਸਾਹਿਤ ਨਾਲ ਜੋੜ ਸੁੱਚਜੇ ਮਨੁੱਖ ਬਣਾਉਣ ਦੇ ਮਕਸਦ ਨਾਲ ਫਰੀਦਕੋਟ ਦੀ ਬੀੜ ਸੁਸਾਇਟੀ ਵੱਲੋਂ ਅਹਿਮ ਉਪਰਾਲਾ ਕਰਦਿਆਂ ਪਿੰਡ ਜੰਡਵਾਲਾ ਵਿਚ ਪੰਜਾਬ ਦੀ ਪਹਿਲੀ ਹਰਬਲ ਗਾਰਡਨ ਉਪਨ ਲਾਇਬ੍ਰੇਰੀ ਦਾ ਆਗਾਜ ਕੀਤਾ ਹੈ। ਜਿਸ ਵਿੱਚ ਪਿੰਡ ਦੇ ਲੋਕ ਜਿਥੇ ਵੱਖ-ਵੱਖ ਕਿਤਾਬਾਂ ਪੜ੍ਹ ਸਕਣਗੇ ਅਤੇ ਸਾਹਿਤ ਨਾਲ ਜੁੜ ਕੇ ਆਪਣੇ ਗਿਆਨ ਵਿਚ ਵਾਧਾ ਕਰਨਗੇ।
ਬੀਤੇ ਕਈ ਸਾਲਾਂ ਤੋਂ ਫਰੀਦਕੋਟ ਤੋਂ ਸੁਰੂ ਹੋਈ ਬੀੜ ਸੁਸਾਇਟੀ ਪੰਛੀਆਂ ਦੀ ਸਾਂਭ ਸੰਭਾਲ ਦੇ ਨਾਲ ਨਾਲ ਹਰਬਲ ਗਾਰਡ ਉਸਾਰਨ ਅਤੇ ਵਿਰਾਸਤੀ ਜੰਗਲ ਲਗਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਦਾ ਕੰਮ ਪੰਜਾਬ ਭਰ ਵਿਚ ਸਾਖਾਵਾਂ ਬਣਾ ਕੇ ਬਾਖੂਬੀ ਕਰ ਰਹੀ ਹੈ। ਹੁਣ ਬੀੜ ਸੁਸਾਇਟੀ ਨੇ ਨੌਜਵਾਨ ਭਾਰਤ ਸਭਾ ਅਤੇ ਪਿੰਡ ਜੰਡਵਾਲਾ ਦੇ ਲੋਕਾਂ ਦੇ ਸਹਿਯੋਗ ਨਾਲ ਅਜਿਹੀ ਨਵੇਕਲੀ ਪਿਰਤ ਪਾਈ ਹੈ ਜਿਸ ਨੂੰ ਚਾਰੇ ਪਾਸੇ ਸਰਾਹਿਆ ਜਾ ਰਿਹਾ। ਬੀੜ ਸੁਸਾਇਟੀ ਦੇ ਸੰਸ਼ਥਾਪਕ ਮਾਸਟਰ ਗੁਰਪ੍ਰੀਤ ਸਿੰਘ ਵੱਲੋਂ ਆਪਣੇ ਪਿਤਾ ਬਲਵਿੰਦਰ ਸਿੰਘ ਦੀ ਯਾਦ ਵਿਚ ਪਿੰਡ ਜੰਡਵਾਲਾ ਵਿਖੇ ਹਰਬਲ ਗਾਰਡਨ ਉਪਨ ਲਾਇਬ੍ਰੇਰੀ ਦੀ ਸਥਾਪਨਾਂ ਕੀਤੀ ਗਈ ਹੈ ਜਿਸ ਦਾ ਆਗਾਜ ਅੱਜ ਪਿੰਡ ਵਾਸੀਆਂ ਅਤੇ ਹੋਰ ਪਤਵੰਤੇ ਸੱਜਣਾਂ ਦੀ ਹਾਜਰੀ ਵਿਚ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਕੀਤਾ ਗਿਆ।
ਸੁਸਾਇਟੀ ਦੇ ਸੰਸਥਾਪਕ ਮਾਸਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਪਿਤਾ ਜੀ ਦੀ ਯਾਦ ਵਿਚ ਪਿੰਡ ਜੰਡਵਾਲਾ ਵਿਖੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਇਕ ਹਰਬਲ ਗਾਰਡਨ ਅਤੇ ਉਪਨ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ ਜਿਸ ਵਿਚ ਖੁਲ਼੍ਹੀਆਂ ਰੱਖੀਆ ਕਿਤਾਬਾਂ ਨੂੰ ਕੋਈ ਆ ਕੇ ਪੜ੍ਹ ਸਕਦਾ ਅਤੇ ਕਿਤਾਬਾਂ ਤੋਂ ਗਿਆਨ ਹਾਸਲ ਕਰ ਸਕਦਾ। ਉਹਨਾ ਕਿਹਾ ਕਿ ਪਿੰਡ ਦੇ ਹਰ ਵਰਗ ਦੇ ਲੋਕਾਂ ਵੱਲੋਂ ਇਸ ਲਾਇਬ੍ਰੇਰੀ ਪ੍ਰਤੀ ਬਹੁਤ ਰੁਚੀ ਦਿਖਾਈ ਜਾ ਰਹੀ ਹੈ ਅਤੇ ਲੋਕ ਲਗਾਤਾਰ ਇਥੇ ਆ ਰਹੇ ਹਨ। ਉਹਨਾਂ ਕਿਹਾ ਕਿ ਸਾਡਾ ਉਦੇਸ਼ ਹੇ ਕਿ ਇਸ ਉਪਰਾਲੇ ਨਾਲ ਪੰਜਾਬ ਦੇ ਨੌਜਵਾਨਾਂ ਦਾ ਬੌਧਕ ਵਿਕਾਸ਼ ਹੋਵੇ। ਉਹਨਾਂ ਕਿਹਾ ਕਿ ਸੁਸਾਇਟੀ ਵੱਲੋਂ ਸੁਰੂ ਕੀਤੀ ਗਈ ਇਸ ਲੜੀ ਤਹਿਤ ਫਰੀਦਕੋਟ ਜਿਲ੍ਹੇ ਦੇ ਪਿੰਡ ਮੋਰਾਂਵਾਲੀ ਵਿਚ 23 ਮਾਰਚ ਨੂੰ ਸਹੀਦ ਭਗਤ ਸਿੰਘ ਦੇ ਸਹੀਦੀ ਦਿਹਾੜੇ ਮੌਕੇ ਅਜਿਹੀ ਹੀ ਉਪਨ ਗਾਰਡਨ ਲਾਇਬ੍ਰੇਰੀ ਦਾ ਆਗਾਜ ਕੀਤਾ ਜਾਵੇਗਾ।
ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਬੀੜ ਸੁਸਾਇਟੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਉਹਨਾਂ ਦੇ ਪਿੰਡ ਵਿਚ ਹਰਬਲ ਗਾਰਡਨ ਉਪਨ ਲਾਇਬ੍ਰੇਰੀ ਬਣਾਈ ਗਈ ਹੈ। ਉਹਨਾਂ ਦੱਸਿਆ ਕਿ ਜਿਸ ਜਗ੍ਹਾ ਪਰ ਇਹ ਲਾਇਬ੍ਰੇਰੀ ਬਣਾਈ ਗਈ ਹੈ ਉਸ ਜਗ੍ਹਾ ਤੇ ਪਹਿਲਾਂ ਬਹੁਤ ਗੰਦਗੀ ਹੁੰਦੀ ਸੀ ਪਰ ਹੁਣ ਇਸ ਜਗ੍ਹਾ ਤੇ ਪਿੰਡ ਦਾ ਹਰ ਬਾਸ਼ਿੰਦਾ ਆ ਕੇ ਬਹਿੰਦਾ ਹੇ ਅਤੇ ਕਿਤਾਬਾਂ ਪੜ੍ਹਦਾ ਹੈ। ਉਹਨਾਂ ਕਿਹਾ ਕਿ ਸੁਸਾਇਟੀ ਦਾ ਇਹ ਬਹੁਤ ਵਧੀਆ ਉਪਰਾਲਾ ਹੈ।