ਪੰਜਾਬੀ ਗਾਇਕ ਦਲੇਰ ਮਹਿੰਦੀ ਜੇਲ੍ਹ 'ਚੋਂ ਰਿਹਾਅ
ਪਟਿਆਲਾ : ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਅੱਜ ਪਟਿਆਲਾ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਹਾਈ ਕੋਰਟ ਵੱਲੋਂ ਦਲੇਰ ਮਹਿੰਗੀ ਨੂੰ ਜ਼ਮਾਨਤ ਉਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਇਲਾਵਾ ਉਸ ਦੀ ਸਜ਼ਾ ਵੀ ਮੁਅੱਤਲ ਕਰ ਦਿੱਤੀ ਗਈ ਹੈ। ਜੇਲ੍ਹ ਵਿਚ ਸ਼ੁੱਕਰਵਾਰ ਦੁਪਹਿਰ ਤੱਕ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ। ਸ਼ਾਮ ਕਰੀਬ ਪੰਜ ਵਜੇ ਦਲੇਰ ਮਹਿੰਦੀ ਜੇਲ੍ਹ ਦੇ ਸਾਹਮਣੇ ਗੇਟ ਤੋਂ ਬਾਹਰ ਆਉਣ ਦੀ ਬਜਾਏ ਦੂਸਰੇ ਗੇਟ ਤੋਂ ਚਲੇ ਗਏ। ਗਾਇਕ ਦਲੇਰ ਮਹਿੰਦੀ ਨੂੰ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣ 'ਤੇ ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸ਼ਾਂਡਿਲਿਆ ਨੇ ਹਾਈ ਕੋਰਟ ਵੱਲੋਂ ਦਲੇਰ ਮਹਿੰਦੀ ਨੂੰ ਇਨਸਾਫ਼ ਦੇਣ ਤੇ ਰਿਹਾਅ ਲਈ ਨਿਆਪਾਲਿਕਾ ਦਾ ਧੰਨਵਾਦ ਕੀਤਾ। ਇਸ ਮਗਰੋਂ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਰਵਾਨਾ ਹੋ ਗਏ। ਦੱਸਣਾ ਬਣਦਾ ਹੈ ਕਿ ਜੁਲਾਈ ਮਹੀਨੇ ਵਿਚ ਪਟਿਆਲਾ ਦੇ ਅਡੀਸ਼ਨਲ ਸ਼ੈਸ਼ਨ ਜੱਜ ਦੀ ਅਦਾਲਤ ਨੇ ਮਹਿੰਦੀ ਦੀ ਸਜ਼ਾ ਖਿਲਾਫ ਦਾਇਰ ਕੀਤੀ ਅਪੀਲ ਖਾਰਿਜ ਕੀਤੀ ਸੀ, ਜਿਸਤੋਂ ਬਾਅਦ ਉਨਾਂ ਨੂੰ ਜੇਲ੍ਹ ਜਾਣਾ ਪਿਆ। ਇਹ ਵੀ ਪੜ੍ਹੋ : ਐਲਡੀਪੀ ਸਕੀਮ ਤਹਿਤ ਪਲਾਟ ਅਲਾਟਮੈਂਟ ਘੁਟਾਲੇ 'ਚ ਇੰਪਰੂਵਮੈਂਟ ਟਰੱਸਟ ਦੇ ਚਾਰ ਅਧਿਕਾਰੀ ਗ੍ਰਿਫ਼ਤਾਰ ਕਬੂਤਰਬਾਜ਼ੀ ਮਾਮਲੇ ਸਬੰਧੀ 19 ਸਾਲ ਪੁਰਾਣੇ ਮਾਮਲੇ ਵਿਚ ਪਟਿਆਲਾ ਦੀ ਟਰਾਇਲ ਕੋਰਟ ਨੇ ਉਨਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮਾਰਚ 2018 ਵਿਚ ਦੋ ਸਾਲ ਦੀ ਸਜ਼ਾ ਸੁਣਾਈ ਸੀ। ਇਸ ਫੈਸਲੇ ਖਿਲਾਫ਼ ਦਲੇਰ ਨੇ ਅਪੀਲ ਦਾਖ਼ਲ ਕੀਤੀ ਸੀ ਜਿਸਨੂੰ ਖਾਰਿਜ ਕਰ ਦਿੱਤਾ ਗਿਆ ਸੀ। ਹਾਈ ਕੋਰਟ ਵਿਚ ਨਜ਼ਰਸਾਨੀ ਪਟੀਸ਼ਨ ਦਾਖਲ ਕਰਕੇ ਚੁਣੌਤੀ ਦਿੱਤੀ ਤੇ ਉਨ੍ਹਾਂ ਨੂੰ ਸੁਣਾਈ ਗਈ ਸਜ਼ਾ ਉਤੇ ਰੋਕ ਲਗਾਏ ਜਾਣ ਦੀ ਵੀ ਮੰਗ ਕੀਤੀ ਗਈ। -PTC News