ਅੰਮ੍ਰਿਤਸਰ: ਬੀਤੇ ਦਿਨੀਂ ਤੁਰਕੀ ਅਤੇ ਸੀਰੀਆ ’ਚ ਆਏ ਭਿਆਨਕ ਭੂਚਾਲ ਦੌਰਾਨ ਅਕਾਲ ਚਲਾਣਾ ਕਰ ਗਏ ਲੋਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਜਲੀ ਦਿੱਤੀ ਗਈ। ਇਥੇ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਮੂਲਮੰਤਰ ਅਤੇ ਗੁਰਮੰਤਰ ਦਾ ਜਾਪ ਕਰਕੇ ਵਿਛੜੀਆਂ ਰੂਹਾਂ ਨਮਿਤ ਅਰਦਾਸ ਕੀਤੀ ਗਈ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਵੀ ਕਾਮਨਾ ਕੀਤੀ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਕੱਲ੍ਹ ਤੁਰਕੀ ਅਤੇ ਸੀਰੀਆ ਦੇ ਭੂਚਾਲ ਪ੍ਰਭਾਵਿਤ ਖੇਤਰਾਂ ਵਿਚ ਮਾਨਵ ਭਲਾਈ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦਿਆਂ ਸਰਕਾਰਾਂ ਨੂੰ ਪੱਤਰ ਵੀ ਲਿਖੇ ਸਨ। ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਇਸ ਕੁਦਰਤੀ ਆਫ਼ਤ ਦੇ ਪੀੜ੍ਹਤਾਂ ਦੀ ਵੀ ਮੱਦਦ ਕੀਤੀ ਜਾਵੇ।ਇਸੇ ਤਹਿਤ ਹੀ ਕੌਮ ਵੱਲੋਂ ਸੰਵੇਦਨਾ ਪ੍ਰਗਟ ਕਰਦਿਆਂ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅਰਦਾਸ ਸਮਾਗਮ ਆਯੋਜਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਵਕਤ ਸਮੁੱਚੀ ਮਾਨਵਤਾ ਤੁਰਕੀ ਅਤੇ ਸੀਰੀਆ ਦੇ ਲੋਕਾਂ ਨਾਲ ਹਮਦਰਦੀ ਰੱਖਦੀ ਹੈ ਅਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੀ ਇਸ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾ ਹੀ ਮਨੁੱਖਤਾ ਦਾ ਭਲਾ ਚਾਹੁੰਦੇ ਹਨ ਅਤੇ ਮੌਜੂਦਾ ਸੰਕਟ ਦੌਰਾਨ ਵੀ ਹਰ ਤਰ੍ਹਾਂ ਦੀਆਂ ਮਾਨਵੀ ਸੇਵਾਵਾਂ ਨਿਭਾਉਣ ਲਈ ਸ਼੍ਰੋਮਣੀ ਕਮੇਟੀ ਤਿਆਰ ਹੈ। ਇਸ ਸਬੰਧ ਵਿਚ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਬੰਧਤਾਂ ਨੂੰ ਪੱਤਰ ਲਿਖੇ ਹਨ ਅਤੇ ਆਸ ਹੈ ਕਿ ਸਰਕਾਰਾਂ ਦੀ ਪ੍ਰਵਾਨਗੀ ਮਿਲਣ ਮਗਰੋਂ ਸ਼੍ਰੋਮਣੀ ਕਮੇਟੀ ਰਾਹਤ ਕਾਰਜ ਕਰ ਸਕੇਗੀ। ਉਨ੍ਹਾਂ ਕਿਹਾ ਕਿ ਇਹ ਸਮਾਂ ਪੀੜ੍ਹਤ ਲੋਕਾਂ ਨਾਲ ਖੜ੍ਹਨ ਦਾ ਹੈ ਅਤੇ ਜਿਹੜੇ ਵੀ ਮਨੁੱਖਤਾ ਦੇ ਹਮਦਰਦ ਲੋਕ ਅਤੇ ਸੰਸਥਾਵਾਂ ਅਸਾਨੀ ਨਾਲ ਉਥੇ ਜਾ ਸਕਦੀਆਂ ਹਨ, ਉਨ੍ਹਾਂ ਨੂੰ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੂਸਰੇ ਦੇਸ਼ ਅੰਦਰ ਜਾ ਕੇ ਰਾਹਤ ਕਾਰਜ ਕਰਨੇ ਸਰਕਾਰਾਂ ਦੀ ਪ੍ਰਵਾਨਗੀ ’ਤੇ ਨਿਰਭਰ ਹੁੰਦੇ ਹਨ ਤੇ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੱਦਦ ਕਰਨ ਵਾਲੀਆਂ ਸੰਸਥਾਵਾਂ ਅਤੇ ਲੋਕਾਂ ਨੂੰ ਭੇਜਣ ਲਈ ਲੋੜੀਂਦੇ ਪ੍ਰਬੰਧ ਕਰਨ।ਅਰਦਾਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਰਵਨ ਸਿੰਘ ਕੁਲਾਰ, ਸਕੱਤਰ ਪ੍ਰਤਾਪ ਸਿੰਘ, ਵਧੀਕ ਸਕੱਤਰ ਬਿਜੈ ਸਿੰਘ, ਮੀਤ ਸਕੱਤਰ ਗੁਰਦਿਆਲ ਸਿੰਘ, ਜਸਵਿੰਦਰ ਸਿੰਘ ਜੱਸੀ, ਪ੍ਰੋ. ਸੁਖਦੇਵ ਸਿੰਘ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਹਰਭਜਨ ਸਿੰਘ ਵਕਤਾ, ਅਜ਼ਾਦਦੀਪ ਸਿੰਘ, ਸੁਖਬੀਰ ਸਿੰਘ, ਮਨਜੀਤ ਸਿੰਘ, ਮੁਖਤਾਰ ਸਿੰਘ ਕੁਹਾੜਕਾ ਸਮੇਤ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦਾ ਸਮੂਹ ਸਟਾਫ਼ ਹਾਜ਼ਰ ਸੀ।