ਯੋਗੇਸ਼, (ਹੁਸ਼ਿਆਰਪੁਰ, 7 ਦਸੰਬਰ): ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਦੇ ਸ਼ਮਸ਼ਾਨ ਘਾਟ ਵਿਚ ਲੱਗੇ ਲੱਖਾਂ ਰੁਪਏ ਦੇ ਬੂਟੇ ਪਿੰਡ ਦੇ ਹੀ ਇੱਕ ਪੰਚਾਇਤ ਮੈਂਬਰ ਵੱਲੋਂ ਅਪਣੀ ਮਰਜ਼ੀ ਨਾਲ 20 ਹਜਾਰ ਵਿਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਮਨਜੀਤ ਰਾਮ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਅਤੇ ਹੋਰ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪੰਚਾਇਤ ਮੈਂਬਰ ਦਰਸ਼ਨ ਰਾਮ ਨੇ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਦੇ ਸ਼ਮਸ਼ਾਨ ਘਾਟ 'ਚ ਇਕ ਭੱਠੀ ਲਾਉਣੀ ਹੈ। ਜਿਸ ਲਈ ਇੱਕ ਦਰਖਤ ਕੱਟਣਾ ਪਵੇਗਾ ਪਰ ਪਿੰਡ ਦੇ ਸਰਪੰਚ ਵੱਲੋਂ ਉਸ ਨੂੰ ਸਾਫ ਮਨ੍ਹਾਂ ਕਰ ਦਿੱਤਾ ਗਿਆ ਕਿ ਦਰਖਤ ਕੱਟਣਾ ਉਨ੍ਹਾਂ ਦੇ ਅਖਤਿਆਰ ਵਿਚ ਨਹੀਂ ਹੈ। ਇਸ ਲਈ ਸਬੰਧਤ ਵਿਭਾਗ ਕੋਲੋਂ ਬਕਾਇਦਾ ਮਨਜੂਰੀ ਲੈਣੀ ਪਵੇਗੀ।ਮਨ੍ਹਾਂ ਕਰਨ ਦੇ ਬਾਵਜੂਦ ਪੰਚ ਦਰਸ਼ਨ ਰਾਮ ਨੇ ਅਪਣੀ ਮਰਜ਼ੀ ਨਾਲ ਸ਼ਮਸ਼ਾਨ ਘਾਟ ਵਿਚ 22 ਦਰੱਖਤ ਕਟਵਾ ਕੇ ਰਾਤ ਨੂੰ ਠੇਕੇਦਾਰ ਨੂੰ ਚੁਕਵਾ ਦਿੱਤੇ। ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ। ਜਦੋਂ ਪੰਚਾਇਤ ਨੇ ਇਸ ਸਬੰਧੀ ਪੰਚ ਨੂੰ ਪੁੱਛਿਆ ਤਾਂ ਉਸ ਨੇ ਪੰਚਾਇਤ ਦੇ ਖਾਤੇ ਵਿਚ ਵੀਹ ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਦੀ ਗੱਲ ਕਹੀ। ਸਰਪੰਚ ਮਨਜੀਤ ਰਾਮ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਬੀਡੀਪੀਓ ਗੜ੍ਹਸ਼ੰਕਰ ਤੇ ਡੀ.ਸੀ. ਹੁਸ਼ਿਆਰਪੁਰ ਨੂੰ ਕਰਕੇ ਸਬੰਧਿਤ ਪੰਚ ਤੋਂ ਦਰਖਤਾਂ ਦੀ ਪੂਰੀ ਕੀਮਤ ਵਸੂਲਣ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਜਦੋਂ ਇਸ ਸਬੰਧੀ ਬੀਡੀਪੀਓ ਗੜ੍ਹਸ਼ੰਕਰ ਮਨਜਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਮੋਰਾਂਵਾਲੀ ਦੀ ਪੰਚਾਇਤ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਉਨ੍ਹਾਂ ਨੇ ਮੌਕੇ 'ਤੇ ਪੁਲਿਸ ਭੇਜ ਦਰਖਤਾਂ ਦੀ ਕਟਵਾਈ ਰੁਕਵਾ ਕੇ ਸਬੰਧਤ ਪੰਚ ਖਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਹ ਵੀ ਪੜ੍ਹੋ: ਕੰਢੀ ਇਲਾਕੇ 'ਚ ਵਿਕਾਸ ਦੀ ਕਮੀ ਕਾਰਨ ਲੋਕ ਸਹੂਲਤਾਂ ਤੋਂ ਅੱਜ ਵੀ ਵਾਂਝੇਇਸ ਸਬੰਧੀ ਥਾਣਾ ਗੜ੍ਹਸ਼ੰਕਰ ਦੇ ਐਸ.ਐਚ.ਓ ਕਰਨੈਲ ਸਿੰਘ ਨੇ ਕਿਹਾ ਕਿ ਬੀ.ਡੀ.ਪੀ.ਓ ਗੜ੍ਹਸ਼ੰਕਰ ਵੱਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਸੀ ਕਿ ਪਿੰਡ ਮੋਰਾਂਵਾਲੀ ਵਿਚ ਸਰਕਾਰੀ ਦਰਖਤਾਂ ਦੀ ਨਜਾਇਜ਼ ਕਟਾਈ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਨੇ ਮੌਕੇ 'ਤੇ ਪੁਲਿਸ ਪਾਰਟੀ ਭੇਜ ਕੇ ਕੰਮ ਬੰਦ ਕਰਵਾ ਦਿੱਤਾ ਹੈ। ਇਸ ਸਬੰਧੀ ਪੰਚ ਦਰਸ਼ਨ ਰਾਮ ਨੇ ਅਪਣਾ ਪੱਖ ਦੇਣ ਤੋਂ ਮਨ੍ਹਾਂ ਕਰ ਦਿੱਤਾ।