ਪਟਿਆਲਾ, 31 ਜਨਵਰੀ: ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਵੱਲੋਂ '14ਵਾਂ ਸ਼ਹੀਦ ਸਰਦਾਰ ਨਾਨਕ ਸਿੰਘ ਯਾਦਗਾਰੀ ਭਾਸ਼ਣ' ਸੈਨੇਟ ਹਾਲ ਵਿਖੇ ਕਰਵਾਇਆ ਗਿਆ। 'ਭਾਰਤ ਦੇ ਅਜ਼ਾਦੀ ਸੰਘਰਸ਼ ਵਿੱਚ ਪੰਜਾਬ ਦਾ ਯੋਗਦਾਨ' ਵਿਸ਼ੇ ਉੱਤੇ ਇਹ ਭਾਸ਼ਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੇਵਾ-ਨਵਿਰਤ ਪ੍ਰੋ. ਸੁਖਮਨੀ ਬੱਲ ਰਿਆੜ, ਵੱਲੋਂ ਦਿੱਤਾ ਗਿਆ। ਆਪਣੇ ਭਾਸ਼ਣ ਵਿੱਚ ਉਨ੍ਹਾਂ ਪੰਜਾਬੀਆਂ ਵੱਲੋਂ 1849 ਤੋਂ ਬਾਅਦ ਆਜ਼ਾਦੀ ਦੇ ਸੰਘਰਸ਼ ਵਿੱਚ ਪਾਏ ਗਏ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਨੇ ਵਿਸਥਾਰ ਪੂਰਵਕ 1849 ਤੋਂ ਲੈ ਕੇ 1947 ਤੱਕ ਦੀ ਭਾਰਤ ਪਾਕ ਵੰਡ ਦਾ ਇਤਿਹਾਸ ਬਹੁਤ ਹੀ ਸੁਚੱਜੇ ਢੰਗ ਨਾਲ ਕ੍ਰਮਵਾਰ ਤਰੀਕੇ ਨਾਲ ਚਾਨਣਾ ਪਇਆ। ਉਨ੍ਹਾਂ ਆਪਣੇ ਭਾਸ਼ਣ ਵਿੱਚ ਇਤਿਹਾਸ ਵਿੱਚ ਸਰੋਤਾਂ ਦੀ ਮਹੱਤਤਾ ਬਾਰੇ ਅਤੇ ਸਾਹਿਤ ਅਤੇ ਇਤਿਹਾਸ ਦੇ ਆਪਸੀ ਅਨਿੱਖੜਵੇਂ ਸਬੰਧ ਉਪਰ ਵੀ ਚਾਨਣਾ ਪਾਇਆ।ਡਾ. ਦਲਜੀਤ ਸਿੰਘ, ਮੁਖੀ, ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਨੇ ਹਾਲ ਵਿੱਚ ਬੈਠੇ ਸਰੋਤਿਆਂ ਨੂੰ ਚੇਅਰ ਦੇ ਕਾਰਜਾਂ ਅਤੇ ਪ੍ਰਾਪਤੀਆਂ ਬਾਰੇ ਜਾਣੂੰ ਕਰਵਾਉਂਦਿਆਂ ਸ਼ਹੀਦ ਸਰਦਾਰ ਨਾਨਕ ਸਿੰਘ ਦੇ ਆਜ਼ਾਦੀ ਸੰਘਰਸ਼ ਵਿੱਚ ਪਾਏ ਗਏ ਯੋਗਦਾਨ ਬਾਰੇ ਦੱਸਿਆ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਡਾ. ਅਰਵਿੰਦ, ਵਾਈਸ ਚਾਂਸਲਰ ਸਾਹਿਬ ਨੇ ਵਿਦਿਆਰਥੀਆਂ ਨੂੰ ਇਤਿਹਾਸ ਨਾਲ ਜੁੜਨ ਲਈ ਇਤਹਾਸ ਦਾ ਮੁਲਾਂਕਣ ਅਤੇ ਮੁੜ ਮੁਲਾਂਕਣ ਦੀ ਆਮ ਜਿੰਦਗੀ ਵਿੱਚ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ 1857 ਦੇ ਵਿਦਰੋਹ ਵਿਚ ਪੰਜਾਬੀਆਂ ਦੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ। ਡਾ. ਜਸ਼ਨਦੀਪ ਸਿੰਘ ਸੰਧੂ, ਮੁਖੀ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।