Amritsar News : ਪੰਜਾਬੀ ਫ਼ਿਲਮਾਂ ਦੇ ਅਦਾਕਾਰ ਗੁੱਗੂ ਗਿੱਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਉਨ੍ਹਾਂ ਸ਼ਰਧਾ ਸਹਿਤ ਸ੍ਰੀ ਦਰਬਾਰ ਸਾਹਿਬ ਵਿਖੇ ਸੀਸ ਨਿਵਾਇਆ ਅਤੇ ਕੁਝ ਸਮਾਂ ਇਲਾਹੀ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ। ਅਦਾਕਾਰ ਗੁੱਗੂ ਗਿੱਲ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਵੱਡੇ ਭਾਗਾਂ ਨਾਲ ਮਿਲਦੇ ਹਨ। ਉਨ੍ਹਾਂ ਪੰਜਾਬੀ ਫ਼ਿਲਮਾਂ ਦੇ ਦੂਸਰੇ ਦੌਰ 'ਚ ਸ਼ਾਨਦਾਰ ਵਾਪਸੀ ਕੀਤੀ ਹੈ। ਮਈ ਮਹੀਨੇ 'ਚ ਸ਼ੌਂਕੀ ਸਰਦਾਰ ਅਤੇ ਜੁਲਾਈ 'ਚ ਸਰਬਾਲਾ ਫ਼ਿਲਮਾਂ ਰਿਲੀਜ਼ ਹੋਣਗੀਆਂ। ਆਪਣੀ ਫਿੱਟਨੈੱਸ ਦਾ ਰਾਜ ਦੱਸਦਿਆਂ ਗੁੱਗੂ ਗਿੱਲ ਨੇ ਕਿਹਾ ਕਿ ਦਰਸ਼ਕਾਂ ਦਾ ਪਿਆਰ ਹੀ ਹੈ ਰੂਹ ਦੀ ਖੁਰਾਕ। ਅਦਾਕਾਰ ਨੇ ਕਿਹਾ ਕਿ ਹਰੀ ਸਿੰਘ ਨਲੂਆ ਦਾ ਕਿਰਦਾਰ ਦਿਲ ਦੇ ਕਰੀਬ ਹੈ ,ਜੇਕਰ ਮੌਕਾ ਮਿਲਿਆ ਤਾਂ ਫ਼ਿਲਮ ਜ਼ਰੂਰ ਕਰਾਂਗਾ। ਹਾਲਾਂਕਿ ਅਦਾਕਾਰ ਨੇ ਧਰਮ ਜਾਂ ਇਤਿਹਾਸ 'ਤੇ ਬਣਨ ਵਾਲੀਆਂ ਫ਼ਿਲਮਾਂ ਦੇ ਵਿਵਾਦ ਸਬੰਧੀ ਬੋਲਣ ਤੋਂ ਟਾਲ ਵੱਟੀ। ਗੁੱਗੂ ਗਿੱਲ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਤੇ ਸਿਹਤ ਬਣਾਉਣ ਦਾ ਸੁਨੇਹਾ ਦਿੱਤਾ।