ਪੰਜਾਬ ਯੂਥ ਕਾਂਗਰਸ ਨੇ ਤਿਰੰਗਾ ਯਾਤਰਾ ਕੱਢ ਕੇ ਮਨਾਇਆ ਯੂਥ ਕਾਂਗਰਸ ਦਾ ਸਥਾਪਨਾ ਦਿਵਸ
ਪਠਾਨਕੋਟ: ਭਾਰਤੀ ਯੂਥ ਕਾਂਗਰਸ ਦੇ 62ਵੇਂ ਸਥਾਪਨਾ ਦਿਵਸ ਨੂੰ ਮਨਾਉਂਦਿਆਂ ਪੰਜਾਬ ਯੂਥ ਕਾਂਗਰਸ ਵੱਲੋਂ ਪਠਾਨਕੋਟ ਵਿਖੇ ਤਿਰੰਗਾ ਯਾਤਰਾ ਕੱਢੀ ਗਈ। ਇਸ ਮੌਕੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਤਿਰੰਗਾ ਸਾਡੇ ਦੇਸ਼ ਦਾ ਮਾਨ ਹੈ। ਉਹਨਾਂ ਕਿਹਾ ਕਿ ਤਿਰੰਗੇ ਦੀ ਬਣਤਰ ਦਾ ਆਪਣਾ ਇੱਕ ਵਿਸ਼ੇਸ਼ ਅਰਥ ਹੈ ਅਤੇ ਇਸ ਦੇ ਤਿੰਨੇ ਰੰਗ ਸਾਨੂੰ ਵੱਖ-ਵੱਖ ਤਰ੍ਹਾਂ ਦੀ ਪ੍ਰੇਰਨਾ ਦਿੰਦੇ ਹਨ। ਬਰਿੰਦਰ ਢਿੱਲੋਂ ਨੇ ਕਿਹਾ ਕਿ ਯੂਥ ਕਾਂਗਰਸ ਦਾ ਨਿਰਮਾਣ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਲੈ ਕੇ ਆਉਣ ਅਤੇ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਨ ਲਈ ਹੋਇਆ ਹੈ। ਉਹਨਾਂ ਦੱਸਿਆ ਕਿ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਪੰਜਾਬ ਯੂਥ ਕਾਂਗਰਸ ਤੋਂ ਉੱਠ ਅੱਗੇ ਵਧੇ ਹਨ। ਬਰਿੰਦਰ ਢਿੱਲੋਂ ਨੇ ਕਿਹਾ ਕਿ ਲੋਕਤੰਤਰੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਦੇ ਹੋਏ ਆਮ ਮੱਧਵਰਗੀ ਪਰਿਵਾਰਾਂ ਦੇ ਨੌਜਵਾਨਾਂ ਨੂੰ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਲਿਆਂਦਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਢਿੱਲੋਂ ਨੇ ਕਿਹਾ ਕਿ ਅਸੀਂ ਰਾਜ ਦੇ ਸਮਾਜਿਕ ਢਾਂਚੇ ਅਤੇ ਸਮਾਜਿਕ ਤਾਣੇ-ਬਾਣੇ ਨੂੰ ਵੀ ਮਜ਼ਬੂਤ ਕਰ ਰਹੇ ਹਾਂ। ਬਰਿੰਦਰ ਢਿੱਲੋਂ ਨੇ ਕਿਹਾ ਕਿ ਯੂਥ ਕਾਂਗਰਸ ਗ਼ਰੀਬਾਂ ਅਤੇ ਸਮਾਜਿਕ ਨਿਆਂ ਦੇ ਕੰਮ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਯੂਥ ਕਾਂਗਰਸ ਖਿਡਾਰੀਆਂ ਅਤੇ ਹੋਰ ਹੁਨਰਮੰਦ ਨੌਜਵਾਨਾਂ ਨੂੰ ਵੀ ਅੱਗੇ ਲੈ ਕੇ ਆਉਣ ਦੇ ਮੌਕੇ ਪ੍ਰਦਾਨ ਕਰਦੀ ਰਹੀ ਹੈ ਅਤੇ ਇਸੇ ਤਰ੍ਹਾਂ ਹੀ ਕਰਦੀ ਰਹੇਗੀ।ਬਰਿੰਦਰ ਢਿੱਲੋਂ ਨੇ ਕਿਹਾ ਕਿ ਯੂਥ ਕਾਂਗਰਸ ਨੌਜਵਾਨਾਂ ਦੀ ਆਵਾਜ਼ ਹੈ ਜੋ ਇੱਕ ਬਿਹਤਰੀਨ ਭਵਿੱਖ ਸਿਰਜਣ ਵਿੱਚ ਆਪਣੀ ਬਹੁਮੁੱਲੀ ਭੂਮਿਕਾ ਨਿਭਾਅ ਰਹੀ ਹੈ। ਯੂਥ ਕਾਂਗਰਸ ਸਮੇਂ ਸਮੇਂ ‘ਤੇ ਨੌਜਵਾਨਾਂ ਦੇ ਮੁੱਦਿਆਂ ਨੂੰ ਉਠਾਉਂਦੀ ਰਹਿੰਦੀ ਹੈ ਅਤੇ ਉਠਾਉਂਦੀ ਰਹੇਗੀ। ਇਹ ਵੀ ਪੜ੍ਹੋ:ਪੰਚਾਇਤੀ ਫੰਡਾਂ 'ਚ 12.24 ਕਰੋੜ ਰੁਪਏ ਦੀ ਹੇਰਾਫੇਰੀ ਲਈ ਸਰਪੰਚ ਹਰਜੀਤ ਕੌਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ -PTC News