Weather Updates: ਗਰਮੀ ਝੱਲ ਰਹੇ ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਅੱਜ ਪੂਰਾ ਦਿਨ ਮੀਂਹ ਪੈਣ ਦੀ ਸੰਭਾਵਨਾ
ਚੰਡੀਗੜ੍ਹ: ਪੰਜਾਬ 'ਚ ਭਾਰੀ ਬਾਰਿਸ਼ ਹੋਣ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪੰਜਾਬ ਵਿਚ ਅੱਜ ਕਈ ਇਲਾਕਿਆਂ `ਚ ਸੋਮਵਾਰ ਦੀ ਪੂਰੀ ਬੱਦਲ ਗਰਜਦੇ ਰਹੇ ਅਤੇ ਤੇਜ਼ ਬਰਸਾਤ ਹੁੰਦੀ ਰਹੀ, ਜਿਸ ਤੋਂ ਬਾਅਦ ਤਪਦੀ ਹੋਈ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ। ਇਸ ਨਾਲ ਕਹਿਰ ਦੀ ਗਰਮੀ ਅਤੇ ਬਿਜਲੀ ਸੰਕਟ ਤੋਂ ਪ੍ਰੇਸ਼ਾਨ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸਭ ਤੋਂ ਵੱਧ 28.5 ਮਿਲੀਮੀਟਰ ਬਾਰਿਸ਼ ਗੁਰਦਾਸਪੁਰ ਜ਼ਿਲ੍ਹੇ ਵਿੱਚ ਦਰਜ ਕੀਤੀ ਗਈ ਹੈ। ਹਾਲਾਂਕਿ ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਨਹੀਂ ਪਿਆ ਹੈ। ਮੀਂਹ ਕਾਰਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਹੇਠਾਂ ਆ ਗਿਆ। ਇਸ ਪ੍ਰੀ-ਮੌਨਸੂਨ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਹੋਇਆ। ਪੰਜਾਬ ਦੇ ਕਿਸਾਨਾਂ ਨੇ ਮੀਂਹ ਦੇ ਪਾਣੀ ਨਾਲ ਖੇਤਾਂ ਵਿੱਚ ਪਾਣੀ ਭਰਨ ਤੋਂ ਬਾਅਦ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਅੰਮ੍ਰਿਤਸਰ, ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਰੋਪੜ, ਜਲੰਧਰ ਸਮੇਤ ਹੋਰ ਕਈ ਸ਼ਹਿਰਾਂ `ਚ ਮੀਂਹ ਪੂਰੀ ਰਾਤ ਪੈਂਦਾ ਰਿਹਾ, ਜਿਸ ਤੋਂ ਬਾਅਦ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ ਹੈ। ਇਸ ਦੇ ਨਾਲ ਮੌਸਮ ਵਿਭਾਗ ਨੇ ਪੰਜਾਬ `ਚ ਯੈੱਲੋ ਅਲਰਟ ਜਾਰੀ ਕਰ ਦਿਤਾ ਹੈ। ਜਿਸ ਦਾ ਮਤਲਬ ਹੈ ਕਿ ਅੱਜ ਯਾਨਿ ਮੰਗਲਵਾਰ ਨੂੰ ਵੀ ਪੰਜਾਬ `ਚ ਪੂਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਵੀ ਪੜ੍ਹੋ: ਮੋਟਰਸਾਈਕਲ ਚੋਰੀ ਕਰਕੇ ਭੱਜਦਾ ਹੋਇਆ ਟਿੱਪਰ 'ਚ ਜਾ ਵਜਿਆ ਚੋਰ, ਲੋਕਾਂ ਰੱਜ ਕੇ ਫੈਂਟਾ ਚੜ੍ਹਿਆ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਤਾਪਮਾਨ ਜਿੱਥੇ 45 ਡਿਗਰੀ ਦੇ ਕਰੀਬ ਚੱਲ ਰਿਹਾ ਸੀ, ਉੱਥੇ ਹੀ ਵੱਧ ਤੋਂ ਵੱਧ ਤਾਪਮਾਨ ਡਿੱਗ ਕੇ ਹੁਣ 26-27 ਡਿਗਰੀ ਤੇ ਆ ਗਿਆ ਹੈ। ਮੰਗਲਵਾਰ ਦੀ ਗੱਲ ਕੀਤੀ ਜਾਏ ਤਾਂ ਅੱਜ ਸਵੇਰੇ ਸਾਢੇ 6 ਵਜੇ ਦੇ ਕਰੀਬ ਪੰਜਾਬ `ਚ ਤਾਪਮਾਨ 21 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ। -PTC News