ਤਨਖਾਹਾਂ ਨਾ ਮਿਲਣ ਕਾਰਨ ਪੰਜਾਬ ਰੋਡਵੇਜ਼, ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਬੱਸ ਸਟੈਡ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ
ਹੁਸ਼ਿਆਰਪੁਰ: ਪੰਜਾਬ ਰੋਡਵੇਜ਼ ਪਨਬੱਸ/ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕੱਚੇ ਮੁਲਾਜਮਾਂ ਦੀਆਂ ਤਨਖ਼ਾਹਾਂ ਵਿਭਾਗ ਵੱਲੋਂ ਨਾ ਦੇਣ ਦੇ ਰੋਸ ਵੱਜੋਂ ਤਨਖਾਹ ਨਹੀ ਤਾਂ ਕੰਮ ਨਹੀਂ ਦਾ ਨਾਅਰਾ ਬੁਲੰਦ ਕਰਦੇ ਹੋਏ ਪੰਜਾਬ ਦੇ ਸਾਰੇ ਬੱਸ ਸਟੈਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਹੁਸ਼ਿਆਰਪੁਰ ਬੱਸ ਸਟੈਂਡ 'ਤੇ ਧਰਨੇ ਦੌਰਾਨ ਬੋਲਦਿਆਂ ਪ੍ਰਧਾਨ ਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਕਾਂਗਰਸ ਅਤੇ ਭਾਜਪਾ ਸਰਕਾਰਾਂ ਵਾਂਗ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ 'ਤੇ ਸੰਘਰਸ਼ ਕਰਦੇ ਕੱਚੇ ਮੁਲਾਜ਼ਮਾਂ ਨੂੰ ਹੁਣ ਪਹਿਲਾਂ ਤੋਂ ਵੀ ਮਾੜੇ ਹਾਲਾਤ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੈਦਾ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਵਿਚ ਵੀ ਪਿਛਲੇ ਲੰਮੇ ਸਮੇਂ ਤੌ ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਦਰਸ਼ਨ ਕਰ ਰਹੇ ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਵਰਕਸ ਯੂਨੀਅਨ ਦੇ ਮੁਲਾਜਮਾਂ ਵੱਲੋਂ ਅੱਜ ਪੰਜਾਬ ਸਰਕਾਰ ਖਿਲਾਫ਼ ਦੋ ਘੰਟੇ ਲਈ ਬੱਸ ਸਟੈਂਡ ਬੰਦ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ। ਜੇਕਰ ਸਾਡੀਆਂ ਤਨਖਾਵਾਂ ਸਮੇਂ ਸਿਰ ਨਾਂ ਦਿੱਤੀਆਂ ਗਈਆਂ ਤਾਂ ਅਣਮਿਥੇ ਸਮੇਂ ਲਈ ਹੜਤਾਲ ਤੇ ਜਾਣ ਦੀ ਗੱਲ ਕੀਤੀ ਗਈ ਹੈ। ਇਸ ਦੇ ਚਲਦਿਆਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਤੇ ਸੰਘਰਸ਼ ਦੇ ਨਾਲ ਨਾਲ ਹੁਣ ਹਰ ਮਹੀਨੇ ਪਨਬੱਸ ਅਤੇ ਪੀ ਆਰ ਟੀ ਸੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਬਹੁਤ ਹੀ ਲੇਟ ਅਦਾ ਕੀਤੀਆਂ ਜਾ ਰਹੀਆਂ ਹਨ ਅਤੇ ਤਨਖ਼ਾਹ ਪਵਾਉਣ ਲਈ ਵੀ ਰੋਸ ਮੁਜ਼ਾਹਰੇ ਜਾਂ ਹੜਤਾਲ ਕਰਨੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੀ ਜਨਤਾਂ ਨੂੰ ਮੰਜਿਲ ਤੇ ਪਹੁੰਚਾਉਣ ਵਾਲੇ ਅਤੇ ਲੋਕਾਂ ਨੂੰ ਫ੍ਰੀ ਸਫ਼ਰ ਸਹੂਲਤਾਂ ਦੇਣ ਵਾਲੇ ਇਹਨਾਂ ਮੁਲਾਜ਼ਮਾਂ ਦੇ ਪਰਿਵਾਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਬੱਸਾ ਚਲਾਉਣ ਵਾਲੇ ਡਰਾਇਵਰ ਕੰਡਕਟਰ ਵੀ ਮਾਨਸਿਕ ਤਣਾਅ ਵਿੱਚ ਬੱਸਾ ਚਲਾਉਣ ਲਈ ਮਜਬੂਰ ਹਨ। ਇਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਜਥੇਬੰਦੀ ਵੱਲੋਂ ਵਾਰ ਵਾਰ ਉੱਚ ਅਧਿਕਾਰੀਆਂ ਨਾਲ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਸੰਪਰਕ ਕਰਨ ਤੇ ਵੀ ਹੁਣ ਤੱਕ ਤਨਖਾਹਾਂ ਨਾ ਆਉਣ ਕਾਰਨ ਪੰਜਾਬ ਦੇ ਸਾਰੇ ਬੱਸ ਸਟੈਡ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਵੀ ਬਾਅਦ ਹੁਣ ਉਨ੍ਹਾਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਤਨਖ਼ਾਹ ਨਹੀਂ ਆਉਦੀਂ ਤਾਂ ਮਿਤੀ 23/6/22 ਨੂੰ ਦੁਪਹਿਰ 12 ਵਜੇ ਤੋ ਸਮੂਹ ਕਰਮਚਾਰੀ ਬੱਸਾਂ ਬੰਦ ਕਰਕੇ ਪਨਬੱਸ ਤੇ ਪੀ ਆਰ ਟੀ ਸੀ ਦਾ ਚੱਕਾ ਜਾਮ ਕਰਨਗੇ। ਇਸ ਦੌਰਾਨ ਮੌਕੇ ਤੇ ਹੀ ਜਥੇਬੰਦੀ ਵੱਲੋ ਪੰਜਾਬ ਭਰ 'ਚ ਬੱਸਾਂ ਟੇਢੀਆਂ ਲਾ ਕੇ ਪੰਜਾਬ ਬਲੌਕ ਕਰਨ ਅਤੇ ਕਿਸੇ ਵੀ ਮੰਤਰੀ ਦੀ ਕੋਠੀ ਦਾ ਘਿਰਾਵ ਜਦੋਂ ਤੱਕ ਤਨਖਾਹ ਨਹੀਂ ਆਵੇਗੀ ਉਦੋਂ ਤੱਕ ਕਰਨ ਦਾ ਐਲਾਨ ਕੀਤਾ ਇਹ ਸੰਘਰਸ਼ ਤਨਖਾਹ ਨਾ ਆਉਣ ਤੱਕ ਜਾਰੀ ਰਹੇਗਾ। ਨਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਰੇ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੇ ਨਾਲ ਨਾਲ ਫੋਜ਼ ਵਿੱਚ ਠੇਕੇਦਾਰੀ ਸਿਸਟਮ ਲਿਆਉਣਾ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਅੰਦਰ ਸਰਕਾਰੀ ਅਦਾਰਿਆਂ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਪੱਬਾਂ ਭਾਰ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਮੌਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਜ਼ੋ ਸਰਕਾਰੀ ਵਿਭਾਗਾਂ ਨੂੰ ਬਚਾਉਣ ਅਤੇ ਪੱਕਾ ਰੋਜ਼ਗਾਰ ਦੇਣ ਦੇ ਨਾਮ ਤੇ ਸੱਤਾ ਵਿੱਚ ਆਈ ਸੀ ਵੀ ਕੇਂਦਰ ਦੇ ਨਕਸ਼ੇਕਦਮਾਂ 'ਤੇ ਚੱਲ ਰਹੀ ਹੈ ਅਤੇ ਪੰਜਾਬ ਦੇ ਸਰਕਾਰੀ ਵਿਭਾਗਾਂ ਨੂੰ ਖਤਮ ਕਰਨ ਦੇ ਰਾਹ ਤੁਰੀ ਹੈ ਜਿਸ ਦਾ ਸਬੂਤ ਪਨਬੱਸ ਅਤੇ PRTC ਵਿੱਚ ਠੇਕੇਦਾਰੀ ਸਿਸਟਮ ਤਹਿਤ ਆਊਟਸੋਰਸਿੰਗ ਤੇ ਨਵੀਂ ਭਰਤੀ ਜੋ ਕੇਵਲ ਮਿਨਿਮਮ ਰੇਟਾਂ ਤੇ ਭਾਵ 9100 ਤੇ ਕਰ ਰਹੀ ਹੈ। ਇਹ ਵੀ ਪੜ੍ਹੋ: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜੈਕਾਰਿਆਂ ਦੀ ਗੂੰਜ ’ਚ ਪਾਕਿਸਤਾਨ ਲਈ ਜਥਾ ਰਵਾਨਾ ਪੰਜਾਬ ਦੇ ਨੌਜਵਾਨ ਨੂੰ ਬਚਾਉਣ ਲਈ ਜਨਤੱਕ ਮੰਗਾਂ ਅਤੇ ਆਪਣੀਆਂ ਮੰਗਾਂ ਲਈ ਯੂਨੀਅਨ ਹਮੇਸ਼ਾ ਸੰਘਰਸ਼ ਕਰਦੀ ਰਹੀ ਹੈ। ਹੁਣ ਵੀ ਤਨਖਾਹਾਂ ਸਮੇਂ ਸਿਰ ਪਾਉਣ ਦੀ ਮੰਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ, ਘੱਟੋਘੱਟ 10 ਹਜ਼ਾਰ ਸਰਕਾਰੀ ਬੱਸਾਂ ਕਰਨ ਦੀ ਮੰਗ, ਫਾਰਗ ਕੀਤੇ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਮੰਗ, ਆਊਟਸੋਰਸਿੰਗ ਭਰਤੀ ਬੰਦ ਕਰਕੇ ਪੱਕੀ ਭਰਤੀ ਦੀ ਮੰਗ ਸਮੇਤ ਡਾਟਾ ਐਂਟਰੀ ਉਪਰੇਟਰ ਅਤੇ ਅਡਵਾਸ ਬੁੱਕਰਾ ਦੀ ਤਨਖਾਹ ਵਾਧਾ, ਵਰਕਸ਼ਾਪ ਦੇ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੈਸਟਾ ਅਤੇ ਹਾਈ ਸਕੇਲ ਸਹੂਲਤਾਂ ਦੀ ਮੰਗ ਤੇ ਸੰਘਰਸ਼ ਕਰ ਰਹੀ ਯੂਨੀਅਨ ਨੂੰ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਵਲੋਂ ਤਨਖ਼ਾਹ ਦੇ ਮੁੱਦੇ ਤੇ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ। ਇਹਨਾਂ ਸੰਘਰਸ਼ ਕਾਰਨ ਜਨਤਾਂ ਨੂੰ ਆਉਣ ਵਾਲੀ ਮੁਸ਼ਕਿਲ ਸੰਬੰਧੀ ਆਪਣੀ ਮਜਬੂਰੀ ਦੱਸਦੇ ਹੋਏ ਜਥੇਬੰਦੀ ਵੱਲੋਂ ਤਨਖਾਹਾਂ ਲੇਟ ਹੋਣ ਦੀ ਸਾਰੀ ਜਿੰਮੇਵਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਢਿੱਲੀ ਕਾਰਗੁਜਾਰੀ ਅਤੇ ਸਰਕਾਰ ਨੂੰ ਦੱਸਦਿਆਂ ਕਿਹਾ ਕਿ ਕਰੋੜਾਂ ਰੁਪਏ ਫ੍ਰੀ ਸਫ਼ਰ ਸਹੂਲਤਾਂ ਦੇ ਜੋ ਕਿ ਪਿਛਲੇ 5 ਮਹੀਨਿਆਂ ਦੇ ਬਿੱਲ ਪੈਡਿੰਗ ਪਏ ਹਨ ਉਸ ਵਿੱਚ ਗਲਤੀ ਸਰਕਾਰ ਜਾਂ ਉੱਚ ਅਧਿਕਾਰੀਆਂ ਦੀ ਹੈ ਮੁਲਾਜ਼ਮਾਂ ਵਲੋਂ ਤਾਂ ਬੱਸਾਂ ਘੱਟ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਨੂੰ ਇੱਕ ਬੱਸ ਵਿੱਚ 100 ਸਵਾਰੀਆਂ ਨੂੰ ਸਫ਼ਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਪਰ ਇਹ ਸਹੂਲਤਾਂ ਦੇਣ ਵਾਲੇ ਮੁਲਾਜ਼ਮਾਂ ਦੇ ਬੱਚੇ ਭੁੱਖੇ ਹਨ ਤੇ ਸਰਕਾਰ ਇਹਨਾਂ ਨੂੰ ਗਲਤ ਰਸਤੇ ਤੁਰਨ ਲਈ ਮਜਬੂਰ ਕਰ ਰਹੀ ਹੈ। ਉਹਨਾਂ ਕਿਹਾ ਕਿ ਅਗਲੇ ਮਹੀਨੇ ਤੋਂ 7 ਤਰੀਕ ਤੋਂ ਬਾਅਦ ਗੇਟ ਰੈਲੀਆਂ ਅਤੇ 10 ਤੋਂ ਬਾਅਦ ਬੱਸ ਸਟੈਂਡ ਬੰਦ ਸਮੇਤ 15 ਤੋਂ ਮੁਕੰਮਲ ਪੰਜਾਬ ਬੰਦ ਦੇ ਪ੍ਰੋਗਰਾਮ ਉਲੀਕੇ ਜਾਣਗੇ। -PTC News