ਪੁਲਿਸ ਦੀ ਗ੍ਰਿਫ਼ਤ 'ਚੋਂ ਬਸ ਥੋੜੀ ਦੂਰ SBI Patiala 'ਚ ਲੁੱਟ ਨੂੰ ਅੰਜਾਮ ਦੇਣ ਵਾਲਾ ਗਿਰੋਹ
ਗਗਨਦੀਪ ਸਿੰਘ ਅਹੂਜਾ (ਪਟਿਆਲਾ), 14 ਅਗਸਤ: ਪਟਿਆਲਾ ਪੁਲਿਸ ਨੇ 3 ਅਗਸਤ ਨੂੰ ਸਟੇਟ ਬੈਂਕ ਆਫ਼ ਇੰਡੀਆ ਦੀ ਮਾਲ ਰੋਡ ਬਰਾਂਚ ਵਿੱਚੋਂ 35 ਲੱਖ ਰੁਪਏ ਦੀ ਚੋਰੀ ਦੀ ਵਾਰਦਾਤ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪਟਿਆਲਾ ਦੇ ਐਸਐਸਪੀ ਦੀਪਕ ਪਾਰਿਕ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਇਸ ਅਪਰਾਧ ਨੂੰ ਮੱਧ ਪ੍ਰਦੇਸ਼ ਦੀ ਕਢਿਆ ਗੈਂਗ ਵੱਲੋਂ ਅੰਜਾਮ ਦਿੱਤਾ ਗਿਆ ਸੀ। ਇਹ ਗੈਂਗ ਬੈਂਕ ਦੇ ਕੈਸ਼ੀਅਰ ਪਾਸ ਪਏ ਕੈਸ਼ ਨੂੰ ਚੋਰੀ ਕਰਨ ਅਤੇ ਬੈਂਕ ਵਿੱਚੋਂ ਪੈਸੇ ਕਢਵਾਉਣ ਵਾਲੇ ਵਿਅਕਤੀਆਂ ਨੂੰ ਟਾਰਗੇਟ ਕਰਨ ਤੋਂ ਇਲਾਵਾ ਵਿਆਹ ਸ਼ਾਦੀਆਂ ਦੇ ਸਮਾਰੋਹਾਂ ਦੌਰਾਨ ਮੁੰਡੇ ਜਾਂ ਕੁੜੀ ਦੇ ਮਾਤਾ ਪਿਤਾ ਦੇ ਪਾਸ ਪਏ ਪੈਸਿਆਂ ਤੇ ਗਹਿਣਿਆਂ ਵਾਲਾ ਬੈਗ ਚੋਰੀ ਕਰਨ ਲਈ ਬਦਨਾਮ ਹੈ। ਇਹ ਗੈਂਗ ਪੂਰੇ ਪੰਜਾਬ ਹੀ ਨਹੀਂ ਸਗੋਂ ਭਾਰਤ ਵਿੱਚ ਵਾਰਦਾਤਾਂ ਨੂੰ ਅੰਜਾਮ ਲਈ ਬਦਨਾਮ ਹੈ ਤੇ ਇਨ੍ਹਾਂ ਵਾਰਦਾਤਾਂ ਨੂੰ ਇਹ ਗੈਂਗ ਛੋਟੇ ਬੱਚਿਆਂ ਦੀ ਮਦਦ ਨਾਲ ਅੰਜਾਮ ਦਿੰਦਾ ਹੈ। ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਦੀਪਕ ਪਾਰਿਕ ਨੇ ਕਿਹਾ ਕਿ ਵਾਰਦਾਤ ਤੋਂ ਬਾਅਦ ਵਾਰਦਾਤ ਕਰਨ ਵਾਲੇ ਵਿਅਕਤੀ ਆਪਣੇ ਗੈਂਗ ਦੇ ਕਿਸੇ ਹੋਰ ਮੈਂਬਰ ਰਾਹੀਂ ਚੋਰੀ ਕੀਤਾ ਪੈਸਾ ਆਪਣੇ ਪਿੰਡ ਪਹੰਚਾ ਦਿੰਦੇ ਹਨ ਅਤੇ ਆਪ ਅਲੱਗ ਥਲੱਗ ਹੋ ਜਾਂਦੇ ਹਨ। 35 ਲੱਖ ਰੁਪਏ ਵਿੱਚੋਂ ਪਟਿਆਲਾ ਪੁਲਿਸ ਨੇ 33 ਲੱਖ 50 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ ਅਤੇ ਵਾਰਦਾਤ ਵਿੱਚ ਸ਼ਾਮਲ ਅੰਤਰਰਾਜੀ ਗੈਂਗ ਮੈਂਬਰ ਰਿਤੇਸ਼ ਅਤੇ ਰਾਜੇਸ਼ ਜੋ ਕਿ ਰਾਜਗੜ੍ਹ ਜ਼ਿਲ੍ਹਾ ਮੱਧ ਪ੍ਰਦੇਸ਼ ਦੇ ਪਿੰਡ ਕਢਿਆ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਬੱਚੇ ਦੀ ਪਛਾਣ ਗੁਪਤ ਰੱਖੀ ਗਈ ਹੈ। ਦੀਪਕ ਪਾਰਿਕ ਨੇ ਦੱਸਿਆ ਕਿ ਇਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। -PTC News