ਪੰਜਾਬ ਪੁਲਿਸ ਨੂੰ ਮਿਲੀ ਲਾਰੈਂਸ ਬਿਸ਼ਨੋਈ ਦੀ ਟ੍ਰਾਂਜ਼ਿਟ ਰਿਮਾਂਡ, 24 ਘੰਟਿਆਂ 'ਚ ਪੇਸ਼ੀ ਦੇ ਹੁਕਮ
ਕੀਰਤੀ ਪ੍ਰਿਆਦਰਸ਼ਿਨੀ, (ਨਵੀਂ ਦਿੱਲੀ, 14 ਜੂਨ): ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਦੱਸੇ ਜਾ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਹੁਣ ਉਸਨੂੰ ਪੰਜਾਬ ਲਿਆਂਦਾ ਜਾ ਰਿਹੈ। ਜਿੱਥੇ ਮਾਨਸਾ ਦੀ ਅਦਾਲਤ ਵਿੱਚ ਉਸਨੂੰ ਪੇਸ਼ ਕੀਤਾ ਜਾਵੇਗਾ। ਇਹ ਵੀ ਪੜ੍ਹੋ: ਤਕਨੀਕੀ ਨੁਕਸ ਕਾਰਨ ਅੰਮ੍ਰਿਤਸਰ ਦੇ ਵੱਲਾ ਰੋਡ 'ਤੇ ਚੱਲਦੇ ਟਰੱਕ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਾਹਤ ਪੰਜਾਬ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦੀ ਕਸਟਡੀ ਮਿਲਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸਿੱਧੂ ਕਤਲ ਮਾਮਲੇ ਦੀਆਂ ਕਈ ਪਰਤਾਂ ਹੁਣ ਖੁੱਲ੍ਹਣਗੀਆਂ।ਹਾਲਾਂਕਿ ਲਾਰੈਂਸ ਬਿਸ਼ਨੋਈ ਦੇ ਵਕੀਲ ਵੱਲੋਂ ਲੱਖ ਕੋਸ਼ਿਸ਼ਾਂ, ਤਮਾਮ ਦਲੀਲਾਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਅੱਗੇ ਰੱਖੀਆਂ ਗਈਆਂ, ਉਨ੍ਹਾਂ ਲਾਰੈਂਸ ਦੇ ਫਰਜ਼ੀ ਐਨਕਾਉਂਟਰ ਤੱਕ ਦਾ ਹਵਾਲਾ ਦਿੱਤਾ ਤਾਂ ਜੋ ਪੰਜਾਬ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦੀ ਕਸਟਡੀ ਨਾ ਮਿਲੇ, ਪਰ ਅਜਿਹਾ ਹੋ ਨਾ ਸਕਿਆ। ਉੱਥੇ ਹੀ ਦੂਜੇ ਪਾਸੇ ਫਰਜ਼ੀ ਐਨਕਾਉਂਟਰ ਦਾ ਬਹਾਨਾ ਲਾਰੈਂਸ ਬਿਸ਼ਨੋਈ ਨਾ ਬਣਾ ਸਕੇ, ਇਸਦੇ ਲਈ ਪੰਜਾਬ ਪੁਲਿਸ ਪੂਰਾ ਸੁਰੱਖਿਆ ਘੇਰਾ ਤਿਆਰ ਕਰਕੇ ਹੀ ਦਿੱਲੀ ਪਹੁੰਚੀ ਸੀ। ਦਿੱਲੀ ਸਥਿਤ ਪੰਜਾਬ ਭਵਨ ਵਿੱਚ ਪੰਜਾਬ ਪੁਲਿਸ ਦਾ ਕਾਫਿਲਾ ਸਵੇਰੇ ਹੀ ਪਹੁੰਚ ਗਿਆ ਸੀ, ਜਿੱਥੇ ਮਾਨਸਾ ਪੁਲਿਸ ਦੀ ਜੀਪ ਤੋਂ ਇਲਾਵਾ ਬੁਲੇਟ ਪਰੂਫ਼ ਗੱਡੀਆਂ, ਇੱਕ ਬੱਸ, ਜਿਸ ਵਿੱਚ ਪੁਲਿਸ ਦੇ ਜਵਾਨ ਬੈਠ ਕੇ ਆਏ, ਸਣੇ ਤਕਰੀਬਨ 20 ਗੱਡੀਆਂ ਪਹੁੰਚੀਆਂ ਸਨ। ਹਾਲਾਂਕਿ ਉਦੋਂ ਪੰਜਾਬ ਪੁਲਿਸ ਦੇ ਅਫ਼ਸਰ ਇਸ ਗੱਲ ਨੂੰ ਨਕਾਰਦੇ ਨਜ਼ਰ ਆਏ ਕਿ ਇਹ ਸਾਰੀ ਤਿਆਰੀ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਜਾਣ ਲਈ ਕੀਤੀ ਗਈ ਹੈ, ਪਰ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਸਾਫ ਹੋ ਗਿਆ। ਦਿਨ ਤੱਕ ਦਿੱਲੀ ਪੁਲਿਸ ਦੀ ਕਸਟਡੀ ਵਿੱਚ ਰਹਿਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਤੇ ਇੱਥੇ ਵੀ ਕਰੜੇ ਸੁਰੱਖਿਆ ਚੱਕਰ ਵਿੱਚ ਤੇ ਬੁਲੇਟ ਪਰੂਫ਼ ਗੱਡੀ ਦੇ ਵਿੱਚ ਲਾਰੈਂਸ ਨੂੰ ਲਿਆਂਦਾ ਗਿਆ ਸੀ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੰਜਾਬ ਤੇ ਦਿੱਲੀ ਦੀ ਪੁਲਿਸ ਕੋਈ ਵੱਡੀ ਕਾਮਯਾਬੀ ਹਾਸਲ ਨਹੀਂ ਕਰ ਸਕੀਆਂ ਨੇ, ਹੁਣ ਤੱਕ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਨਾਲ ਵੀ ਅਸਲ ਕਾਤਲਾਂ ਬਾਰੇ ਕੋਈ ਸੂਹ ਨਹੀਂ ਮਿਲ ਸਕੀ ਹੈ ਤੇ ਪੁਲਿਸ ਹਨੇਰੇ 'ਚ ਤੀਰ ਮਾਰਦੀ ਹੀ ਨਜ਼ਰ ਆ ਰਹੀ ਹੈ। ਇਹ ਵੀ ਪੜ੍ਹੋ: ਫ਼ਰੀਦਕੋਟ ਦੇ ਜ਼ਿਲ੍ਹਾ ਸੈਸ਼ਨ ਜੱਜ ਦੇ ਘਰ ਦੀ ਕੰਧ ਦੇ ਬਾਹਰ ਲਿਖਿਆ 'ਖਾਲਿਸਤਾਨ ਜ਼ਿੰਦਾਬਾਦ' ਹੁਣ ਵੇਖਣਾ ਇਹੀ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਲਿਆਉਣ ਤੋਂ ਬਾਅਦ ਪੰਜਾਬ ਪੁਲਿਸ ਕੋਈ ਨਵੇਂ ਖੁਲਾਸੇ ਕਰ ਪਾਉਂਦੀ ਹੈ ਕਿ ਨਹੀਂ। -PTC News