ਪੰਜਾਬ ਪੁਲਿਸ ਨੇ ਅੰਤਰ-ਰਾਜੀ ਡਰੱਗ ਗਿਰੋਹ ਦਾ ਕੀਤਾ ਪਰਦਾਫਾਸ਼
ਚੰਡੀਗੜ੍ਹ : ਪੁਲਿਸ ਨੇ ਹਰਿਆਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 2.51 ਲੱਖ ਫਾਰਮਾ ਓਪੀਆਡ ਬਰਾਮਦ ਕਰਕੇ ਨਸ਼ੀਲੀਆਂ ਦਵਾਈਆਂ ਬਣਾਉਣ ਵਾਲੇ ਇੱਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਡਿਪਟੀ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਣਜੀਤ ਗੋਸਵਾਮੀ ਵਾਸੀ ਬੱਤਰਾ ਕਲੋਨੀ ਸੋਨੀਪਤ, ਹਰਿਆਣਾ ਵਜੋਂ ਹੋਈ ਹੈ। ਪੁਲਿਸ ਨੇ ਉਸਦੀ ‘ਕੀਆ’ ਕਾਰ, ਜਿਸਦੀ ਵਰਤੋਂ ਉਹ ਹਰਿਆਣਾ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਕਰਦਾ ਸੀ, ਵਿੱਚੋਂ ਅਲਪਰਾਜ਼ੋਲਮ ਦੀਆਂ 2,37,000 ਗੋਲੀਆਂ ਅਤੇ ਪੀਵੋਨ ਸਪਾਸ ਦੇ 14,400 ਕੈਪਸੂਲ ਬਰਾਮਦ ਕੀਤੇ ਹਨ । ਇਹ ਤੀਜਾ ਅਜਿਹਾ ਅੰਤਰ-ਰਾਜੀ ਫਾਰਮਾਸਿਊਟੀਕਲ ਡਰੱਗ ਰੈਕੇਟ ਹੈ। ਪੰਜਾਬ ਪੁਲਿਸ ਵੱਲੋਂ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਪਰਦਾਫਾਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਨੇ 14 ਜੁਲਾਈ, 2022 ਨੂੰ ਫਾਰਮਾ ਓਪੀਆਡਜ ਦੀਆਂ 7 ਲੱਖ ਗੋਲੀਆਂ/ਕੈਪਸੂਲ ਦੀ ਖੇਪ ਬਰਾਮਦ ਕੀਤੀ ਸੀ ਜਦਕਿ 4 ਸਤੰਬਰ, 2022 ਨੂੰ ਫਾਰਮਾ ਓਪੀਆਡਜ ਦੀਆਂ 1.17 ਲੱਖ ਗੋਲੀਆਂ/ਕੈਪਸੂਲ ਬਰਾਮਦ ਕੀਤੇ ਗਏ ਸਨ। ਡੀਆਈਜੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਗੁਪਤ ਇਤਲਾਹ ਦੇ ਆਧਾਰ ’ਤੇ ਸੀਆਈਏ ਸਰਹਿੰਦ ਅਤੇ ਥਾਣਾ ਖਮਾਣੋਂ ਦੀਆਂ ਪੁਲੀਸ ਟੀਮਾਂ ਨੇ ਖਮਾਣੋਂ ਵਿਖੇ ਵਿਸ਼ੇਸ਼ ਚੈਕਿੰਗ ਕੀਤੀ ਅਤੇ ਰਜਿਸਟ੍ਰੇਸ਼ਨ ਨੰਬਰ ਐਚ.ਆਰ10 ਏਜੇ 9791 ਵਾਲੀ ‘ਕੀਆ’ ਕਾਰ ਨੂੰ ਰੋਕਿਆ, ਜਿਸ ਨੂੰ ਮੁਲਜਮ ਰਣਜੀਤ ਗੋਸਵਾਮੀ ਚਲਾ ਰਿਹਾ ਸੀ। ਉਨਾਂ ਦੱਸਿਆ ਕਿ ਕਾਰ ਦੀ ਚੈਕਿੰਗ ਦੌਰਾਨ ਪੁਲਿਸ ਟੀਮਾਂ ਨੇ ਵੱਡੀ ਮਾਤਰਾ ‘ਚ ਫਾਰਮਾ ਓਪੀਔਡ ਬਰਾਮਦ ਕੀਤੀ । ਐਸਐਸਪੀ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤਾ ਮੁਲਜ਼ਮ ਦਿੱਲੀ ਅਤੇ ਅੰਮ੍ਰਿਤਸਰ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ:ਦੀਪਕ ਦੇ ਫਰਾਰ ਹੋਣ ਮਗਰੋਂ ਲਾਰੈਂਸ ਗੈਂਗ ਦੀ ਪੁਲਿਸ ਨੂੰ ਧਮਕੀ -PTC News