ਪਰਾਲੀ ਸਾੜਨ 'ਚ ਪੰਜਾਬ ਸਭ ਤੋਂ ਅੱਗੇ, 3 ਦਿਨਾਂ 'ਚ 136 ਮਾਮਲੇ ਆਏ ਸਾਹਮਣੇ
Air Pollution: ਇੱਕ ਹਫ਼ਤੇ ਬਾਅਦ ਪੰਜਾਬ ਦੇ ਖੇਤਾਂ ਵਿੱਚ ਫਿਰ ਤੋਂ ਪਰਾਲੀ ਸਾੜਨ ਦਾ ਕੰਮ ਸ਼ੁਰੂ ਹੋ ਗਿਆ ਹੈ। ਮਾਨਸੂਨ ਕਾਰਨ ਹੋਈ ਬਾਰਿਸ਼ ਕਾਰਨ ਪਿਛਲੇ ਹਫ਼ਤੇ ਪਰਾਲੀ ਸਾੜਨ ਦੀ ਇੱਕ ਵੀ ਘਟਨਾ ਸਾਹਮਣੇ ਨਹੀਂ ਆਈ। ਪਰ ਬਾਰਿਸ਼ ਕਾਰਨ ਪੈਦਾ ਹੋਈ ਨਮੀ ਖਤਮ ਹੋਣ ਨਾਲ ਅਜਿਹੀਆਂ ਘਟਨਾਵਾਂ ਮੁੜ ਸਾਹਮਣੇ ਆਉਣ ਲੱਗ ਪਈਆਂ। ਇਹੀ ਕਾਰਨ ਹੈ ਕਿ ਪਰਾਲੀ ਸਾੜਨ ਦੇ ਮਾਮਲੇ 'ਚ ਪੰਜਾਬ ਪਹਿਲੇ ਨੰਬਰ 'ਤੇ ਆਇਆ ਹੈ, ਜਦਕਿ ਉੱਤਰ ਪ੍ਰਦੇਸ਼ ਦੂਜੇ ਅਤੇ ਹਰਿਆਣਾ ਤੀਜੇ ਸਥਾਨ 'ਤੇ ਹੈ।
ਐਤਵਾਰ ਤੱਕ ਤਿੰਨ ਦਿਨਾਂ ਵਿੱਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੇ 193 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਪੰਜਾਬ ਪਹਿਲੇ ਨੰਬਰ 'ਤੇ ਹੈ। ਪਰਾਲੀ ਦੇ ਧੂੰਏਂ ਨਾਲ ਇੱਕ ਵਾਰ ਫਿਰ ਦਿੱਲੀ-ਐਨਸੀਆਰ ਦੀ ਹਵਾ ਦੀ ਗੁਣਵੱਤਾ ਵਿਗੜਦੀ ਨਜ਼ਰ ਆ ਰਹੀ ਹੈ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਇਸ ਦਾ ਬਚਿਆ ਹੋਇਆ ਹਿੱਸਾ ਖੇਤ ਵਿੱਚ ਹੀ ਸਾੜਨ ਦਾ ਰਿਵਾਜ ਹੈ।
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਾਲੀ ਸਾੜਨ ਨੂੰ ਰੋਕਣ ਲਈ ਹੈਪੀ ਸੀਡਰ ਮਸ਼ੀਨਾਂ 'ਤੇ ਸਬਸਿਡੀ ਲਈ ਅਰਜ਼ੀਆਂ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਉਨ੍ਹਾਂ ਪਰਾਲੀ ਨੂੰ ਮਿੱਟੀ ਵਿੱਚ ਜਜ਼ਬ ਕਰਨ ਲਈ ਖੇਤੀਬਾੜੀ ਵਿਭਾਗ ਦੇ ਪਾਇਲਟ ਪ੍ਰੋਜੈਕਟ ਤਹਿਤ 5000 ਏਕੜ ਵਿੱਚ ਡੀ-ਕੰਪੋਜ਼ਰ ਘੋਲ ਦਾ ਛਿੜਕਾਅ ਕਰਨ ਬਾਰੇ ਦੱਸਿਆ। ਖੇਤੀਬਾੜੀ ਵਿਭਾਗ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਤਾਂ ਰੱਦ ਕਰ ਦਿੱਤੀਆਂ ਪਰ ਸੂਬਾ ਸਰਕਾਰ ਦੀਆਂ ਸਾਰੀਆਂ ਤਿਆਰੀਆਂ ਨਾਕਾਫ਼ੀ ਸਾਬਤ ਹੋਈਆਂ ਹਨ। ਉਧਰ, ਪੰਜਾਬ ਸਰਕਾਰ ਨੇ ਦਾਅਵੇ ਤਾਂ ਬਹੁਤ ਕੀਤੇ ਪਰ ਪਰਾਲੀ ਸਾੜਨ ਤੋਂ ਰੋਕਣ ਲਈ ਪ੍ਰਬੰਧ ਕੁਝ ਖਾਸ ਨਹੀਂ ਕੀਤਾ।
-PTC News