ਪੰਜਾਬ 'ਚ ਨਸ਼ਿਆਂ ਦਾ ਕਹਿਰ ਜਾਰੀ,ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ
ਪੰਜਾਬ 'ਚ ਨਸ਼ਿਆਂ ਦਾ ਕਹਿਰ ਜਾਰੀ,ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ:ਪੰਜਾਬ ਵਿੱਚ ਹੁਣ ਹਰ ਰੋਜ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ।ਪੰਜਾਬ ਸਰਕਾਰ ਵਲੋ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਦਾਅਵੇ ਅਤੇ ਡੇਪੋ ਬਣਾਕੇ ਕੇ ਪਿੰਡਾਂ 'ਚ ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਦੇ ਦਾਅਵੇ ਪੂਰੇ ਪੰਜਾਬ 'ਚ ਪੂਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਏ ਹਨ।ਜਿਸ ਦੀ ਇੱਕ ਹੋਰ ਤਾਜ਼ਾ ਮਿਸਾਲ ਅੱਜ ਫ਼ਿਰੋਜਪੁਰ ਦੇ ਪਿੰਡ ਸਤੀਏ ਵਾਲਾ ਵਿਖੇ ਵੇਖਣ ਨੂੰ ਮਿਲੀ ਹੈ।ਸੂਬੇ ਦੇ ਹੋਰਨਾਂ ਇਲਾਕਿਆਂ ਵਾਂਗ ਫ਼ਿਰੋਜਪੁਰ ਦੇ ਪਿੰਡ ਆਰਿਫ਼ ਵਿਖੇ ਬੀਤੇ ਦਿਨ ਨਸ਼ੇ ਦੀ ਓਵਰ ਡੋਜ ਲੈਣ ਕਾਰਣ ਮਰੇ ਨੌਜਵਾਨ ਦਾ ਸਿਵਾ ਠੰਢਾ ਅਜੇ ਨਹੀਂ ਹੋਇਆ ਸੀ ਕਿ ਅੱਜ ਪਿੰਡ ਸਤੀਏ ਵਾਲਾ ਵਿਖੇ 26 ਸਾਲਾਂ ਨੌਜਵਾਨ ਮੱਖਣ ਦੀ ਨਸ਼ਿਆਂ ਦੇ ਕਾਰਨ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ।
ਇਸ ਤੋਂ ਇਲਾਵਾ ਇਲਾਕੇ ਦੇ ਵਿੱਚ ਦੋ ਹੋਰ ਨੌਜਵਾਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਹ ਵੱਖ-ਵੱਖ ਹਸਪਤਾਲਾਂ 'ਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਹਨ।
ਇਸ ਤੋਂ ਇਲਾਵਾ ਕੱਲ ਵੀ ਤਰਨਤਾਰਨ ਦੇ ਪਿੰਡ ਐਮਾਂ ਖੁਰਦ ਵਿਖੇ ਤਿੰਨ ਨੌਜਵਾਨਾਂ ਵਲੋਂ ਨਸ਼ੀਲੇ ਟੀਕਿਆਂ ਦੀ ਵਰਤੋਂ ਕਰਨ ਨਾਲ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ,ਜਦੋਂ ਕਿ ਇਕ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ 'ਚ ਬਾਬਾ ਬੁੱਢਾ ਸਾਹਿਬ ਹਸਪਤਾਲ ਦਾਖਲ ਕਰਵਾਇਆ ਤੇ ਇਕ ਨੌਜਵਾਨ ਕਿਸੇ ਤਰ੍ਹਾਂ ਡਿਗਦਾ ਢਹਿੰਦਾ ਘਰ ਪਹੁੰਚ ਗਿਆ।
ਨਸ਼ਿਆਂ ਨੂੰ ਰੋਕਣ 'ਚ ਪੁਲਿਸ ਦੇ ਅਸਫਲ ਰਹਿਣ ਕਾਰਣ ਘਰ-ਘਰ ਸੱਥਰ ਵਿਛਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ।ਜਿਸ ਕਾਰਣ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਹੈ ਅਤੇ ਉੱਥੇ ਨਸ਼ਿਆਂ ਦੀ ਭਰਮਾਰ ਕਾਰਣ ਲੋਕ ਪੁਲਿਸ ਅਤੇ ਸੂਬਾ ਸਰਕਾਰ ਨੂੰ ਕੋਸ ਰਹੇ ਹਨ।
-PTCNews