ਪੰਜਾਬ ਨੇ ਅੱਤਵਾਦ ਦਾ ਦੌਰ ਦੇਖਿਆ, ਕੋਈ ਨਹੀਂ ਚਾਹੁੰਦਾ ਉਹ ਦੌਰ ਮੁੜ ਆਵੇ: ਕੇਜਰੀਵਾਲ
ਜਲੰਧਰ: ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਜਲੰਧਰ ਵਿੱਚ ਤਿਰੰਗਾ ਯਾਤਰਾ ਕੀਤੀ ਗਈ। ਇਹ ਯਾਤਰਾ ਭਗਵਾਨ ਵਾਲਮੀਕ ਚੌਕ ਤੋਂ ਸ਼ੁਰੂ ਹੋਈ ਜਿਹੜੀ ਡਾ. ਬੀਆਰ ਅੰਬੇਡਕਰ ਚੌਕ ਤੱਕ ਗਈ। ਇਸ ਦੌਰਾਨ ਇੱਕ ਵੱਡੇ ਟਰੱਕ ਨੂੰ ਫਲੈਕਸਾਂ ਲਾ ਕੇ ਸਜਾਇਆ ਗਿਆ ਹੈ। ਆਮ ਆਦਮੀ ਪਾਰਟੀ ਨੇ ਇਹ ਤਰੰਗਾ ਯਾਤਰਾ ਸ਼ਹਿਰੀ ਵੋਟ ਨੂੰ ਖਿੱਚਣ ਲਈ ਕੀਤੀ ਗਈ ਹੈ। 'ਆਪ' ਦੇ ਟਵਿੱਟਰ ਹੈਂਡਲ ਉੱਪਰ ਪਾਈ ਪੋਸਟ ਵਿੱਚ ਲਿਖਿਆ ਹੈ ਕਿ ਪੰਜਾਬ ਨੇ ਅੱਤਵਾਦ ਦਾ ਇੱਕ ਦੌਰ ਦੇਖਿਆ ਹੈ, ਕੋਈ ਵੀ ਪੰਜਾਬੀ ਨਹੀਂ ਚਾਹੁੰਦਾ ਕਿ ਉਹ ਦੌਰ ਮੁੜ ਕੇ ਆਵੇ। ਵਾਹਿਗੁਰੂ ਮੇਹਰ ਕਰੇ ਕਿ ਅਜਿਹਾ ਦੁਬਾਰਾ ਕਦੇ ਨਾ ਹੋਵੇ। ਅਸੀਂ ਸਾਰੇ ਮਿਲ ਕੇ ਪੰਜਾਬ ਦੀ ਅਮਨ-ਸ਼ਾਂਤੀ ਲਈ ਕੰਮ ਕਰਾਂਗੇ। ਅਸੀਂ ਸਾਰੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਇਕਜੁੱਟ ਹੋ ਕੇ ਕੰਮ ਕਰਾਂਗੇ। ਉਹ ਦੂਰ-ਦੂਰ ਤੋਂ ਤਿਰੰਗੇ ਨੂੰ ਦੇਖ ਰਹੇ ਹਨ। ਜਲੰਧਰ ਦੇ ਕੋਨੇ-ਕੋਨੇ ਤੋਂ ਲੋਕ ਇਸ ਯਾਤਰਾ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਹਨ। ਕੇਜਰੀਵਾਲ ਨੇ ਕਿਹਾ ਕਿ ਇਹ ਬਦਲਾਅ ਦੀ ਹਵਾ ਹੈ। ਲੋਕ ਪੰਜਾਬ ਵਿੱਚ ਬਦਲਾਅ ਅਤੇ ਸ਼ਾਂਤੀ ਚਾਹੁੰਦੇ ਹਨ। ਆਪਣੇ ਸੰਬੋਧਨ ਤੋਂ ਪਹਿਲਾਂ ਕੇਜਰੀਵਾਲ ਨੇ ਭਾਰਤ ਮਾਤਾ ਦੀ ਜੈ, ਇੰਕਲਾਬ ਜ਼ਿੰਦਾਬਾਦ ਅਤੇ ਵੰਦੇ ਮਾਤਰਮ ਦੇ ਨਾਅਰੇ ਲਾਏ। ਇਸ ਮੌਕੇ ਕੇਜਰੀਵਾਲ ਦੇ ਨਾਲ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਰਾਘਵ ਚੱਢਾ ਤੇ ਜਰਨੈਲ ਸਿੰਘ ਸਮੇਤ ਹੋਰ ਆਗੂ ਵੀ ਸਨ। ਹੋਰ ਜ਼ਿਲ੍ਹਿਆਂ ਤੋਂ ਵੀ ਲੋਕ ਇਸ ਤਿਰੰਗਾ ਯਾਤਰਾ ’ਚ ਸ਼ਾਮਲ ਹੋਣ ਆਏ ਹੋਏ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾ ਪੰਜਾਬ ਦੌਰੇ ਉੱਪਰ ਹਨ। ਕੇਜਰੀਵਾਲ ਦੋ ਦਿਨ 15 ਤੇ 16 ਦਸੰਬਰ ਨੂੰ ਪੰਜਾਬ ਦਾ ਦੌਰਾ ਕਰਨਗੇ। ਉਹ ਅੱਜ ਜਲੰਧਰ 'ਚ ਤਿਰੰਗਾ ਯਾਤਰਾ ਕਰ ਰਹੇ ਹਨ। -PTC News