ਪੰਜਾਬ ਸਰਕਾਰ ਨੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਗੁਜਰਾਤ ਫੇਰੀ ਲਈ ਚਾਰਟਰਡ ਫਲਾਈਟ 'ਤੇ ਖ਼ਰਚੇ 45 ਲੱਖ ਰੁਪਏ
ਚੰਡੀਗੜ੍ਹ, 8 ਮਈ: ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ 1 ਤੋਂ 3 ਅਪ੍ਰੈਲ ਤੱਕ ਗੁਜਰਾਤ ਦੇ ਸਿਆਸੀ ਦੌਰੇ ਦੌਰਾਨ ਕਿਰਾਏ 'ਤੇ ਲਏ ਗਏ ਨਿੱਜੀ ਜਹਾਜ਼ ਲਈ 45 ਲੱਖ ਰੁਪਏ ਦਾ ਬਿੱਲ ਪ੍ਰਾਪਤ ਹੋਇਆ ਹੈ। ਇਹ ਵੀ ਪੜ੍ਹੋ: ਆਪ ਆਗੂ ਦੀ ਧੱਕੇਸ਼ਾਹੀ 'ਤੇ ਭੜਕੇ ਪਿੰਡ ਵਾਸੀ; ਲਾਭਪਾਤਰੀਆਂ ਨੂੰ ਜ਼ਬਰਦਸਤੀ ਨਿਰਧਾਰਤ ਤੋਂ ਘੱਟ ਕਣਕ ਵੰਡਣ ਦਾ ਮਾਮਲਾ ਰਿਪੋਰਟਾਂ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਸੰਬਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਗੁਜਰਾਤ ਦਾ ਦੌਰਾ ਕੀਤਾ ਸੀ। ਆਰਟੀਆਈ ਕਾਰਕੁਨ ਹਰਮਿਲਾਪ ਸਿੰਘ ਗਰੇਵਾਲ ਨੇ ਮਾਨ ਦੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਦੌਰਿਆਂ 'ਤੇ ਖ਼ਰਚੀ ਗਈ ਰਕਮ ਦੇ ਵੇਰਵੇ ਮੰਗੇ ਸਨ। ਇਸ ਦੇ ਜਵਾਬ ਵਿੱਚ ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਖ਼ੁਲਾਸਾ ਕੀਤਾ ਹੈ ਕਿ ਵਿਭਾਗ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਗੁਜਰਾਤ ਫੇਰੀ ਦੇ ਤਿੰਨ ਦਿਨਾਂ ਦੌਰੇ ਲਈ ਕਿਰਾਏ 'ਤੇ ਲਏ ਜਹਾਜ਼ ਦੇ ਲਈ 44,85,967 ਰੁਪਏ ਦਾ ਬਿੱਲ ਪ੍ਰਾਪਤ ਹੋਇਆ। ਮਾਨ ਨੇ 6 ਅਪ੍ਰੈਲ ਨੂੰ ਸੂਬਾ ਸਰਕਾਰ ਦੇ ਹੈਲੀਕਾਪਟਰ ਵਿੱਚ ਪਹਾੜੀ ਰਾਜ ਦਾ ਦੌਰਾ ਵੀ ਕੀਤਾ ਸੀ। ਹਾਲਾਂਕਿ ਆਰਟੀਆਈ ਜਵਾਬ ਵਿੱਚ ਕਿਹਾ ਗਿਆ ਹੈ ਕਿ ਹੈਲੀਕਾਪਟਰ ਦੇ ਵਿਅਕਤੀਗਤ ਦੌਰੇ 'ਤੇ ਹੋਏ ਖ਼ਰਚੇ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਹੈ। ਆਰਟੀਆਈ ਕਾਰਕੁਨ ਗਰੇਵਾਲ ਨੇ ਮੁੱਖ ਮੰਤਰੀ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਮਾਨ ਨੇ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੰਜਾਬ 'ਚ ਹੈਲੀਕਾਪਟਰ ਵਰਤਣ ਦਾ ਮਜ਼ਾਕ ਉਡਾਇਆ ਸੀ, ਹਾਲਾਂਕਿ ਉਹ ਕਿਸੇ ਹੋਰ ਸੂਬੇ ਦੇ ਦੌਰੇ ਲਈ ਪ੍ਰਾਈਵੇਟ ਜੈੱਟ ਕਿਰਾਏ 'ਤੇ ਲੈ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮਾਨ ਦਾ ਗੁਜਰਾਤ ਅਤੇ ਹਿਮਾਚਲ ਦੌਰਾ ਸਿਰਫ਼ ਪਾਰਟੀ ਲਈ ਪ੍ਰਚਾਰ ਕਰਨ ਲਈ ਸੀ ਅਤੇ ਇਸ ਦਾ ਰਾਜ ਸਰਕਾਰ ਦੇ ਕੰਮਕਾਜ ਜਾਂ ਪੰਜਾਬ ਦੇ ਭਲੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਹ ਵੀ ਪੜ੍ਹੋ: ਹਿਮਾਚਲ ਵਿਧਾਨ ਸਭਾ ਦੇ ਮੁੱਖ ਗੇਟ 'ਤੇ ਲੱਗੇ ਖਾਲਿਸਤਾਨੀ ਝੰਡੇ ਗੁਜਰਾਤ ਦੌਰੇ ਦੌਰਾਨ ਮਾਨ ਅਤੇ ਕੇਜਰੀਵਾਲ ਸਾਬਰਮਤੀ ਆਸ਼ਰਮ ਗਏ ਸਨ ਅਤੇ ਅਹਿਮਦਾਬਾਦ ਵਿੱਚ ਰੋਡ ਸ਼ੋਅ ਵੀ ਕੀਤਾ ਸੀ। ਗੁਜਰਾਤ ਅਤੇ ਹਿਮਾਚਲ ਵਿੱਚ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। -PTC News