ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਨੂੰ 21 ਕਰੋੜ ਰੁਪਏ ਭੇਜਣ ਪਿਛੋਂ ਮੁਲਾਜ਼ਮਾਂ ਦੇ ਖਾਤਿਆਂ 'ਚ ਪਈ ਤਨਖ਼ਾਹ
ਪਟਿਆਲਾ : ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਨੂੰ 21 ਕਰੋੜ ਰੁਪਏ ਭੇਜਣ ਮਗਰੋਂ ਪੀਆਰਟੀਸੀ ਕੰਟਰੈਕਚੁਅਲ ਮੁਲਾਜ਼ਮਾਂ ਦੇ ਖਾਤਿਆਂ ਵਿਚ ਤਨਖਾਹ ਜਮ੍ਹਾਂ ਹੋ ਗਈ। ਇਸ ਨਾਲ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਕੰਟਰੈਕਚੁਅਲ ਮੁਲਾਜ਼ਮਾਂ ਦੇ ਏਰੀਅਰ ਵਜੋਂ ਵੀ 17 ਕਰੋੜ ਰੁਪਏ ਦੀ ਦੇਣਦਾਰੀ ਬਕਾਇਆ ਖੜ੍ਹੀਆਂ ਹਨ। ਇਥੇ ਖਾਸ ਗੱਲ ਇਹ ਹੈ ਕਿ ਅਜੇ ਵੀ ਪੀਆਰਟੀਸੀ ਦਾ ਪੰਜਾਬ ਸਰਕਾਰ ਵੱਲ 175 ਕਰੋੜ ਰੁਪਿਆ ਬਕਾਇਆ ਖੜ੍ਹਾ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਔਰਤਾਂ ਲਈ ਮੁਫ਼ਤ ਬੱਸ ਸੇਵਾ ਪੀਆਰਟੀਸੀ ਉਤੇ ਭਾਰੀ ਪੈ ਰਹੀ ਹੈ। ਇਸ ਕਾਰਨ ਪੀਆਰਟੀਸੀ ਮੁਲਾਜ਼ਮ ਦੀਆਂ ਤਨਖ਼ਾਹਾਂ ਹਰ ਮਹੀਨੇ ਲਟਕ ਰਹੀਆਂ ਹਨ। ਪੀਆਰਟੀਸੀ ਨੂੰ ਇਕ ਮਹੀਨੇ ਵਿਚ ਮੁਫ਼ਤ ਬੱਸ ਸੇਵਾ ਲਈ 25 ਕਰੋੜ ਰੁਪਏ ਸਹਿਣ ਕਰਨਾ ਪੈ ਰਿਹਾ ਹੈ। ਇਹ ਵੀ ਪੜ੍ਹੋ : ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਢੋਲ ਵਜਾ ਕੇ ਵੰਦੇ ਭਾਰਤ ਐਕਸਪ੍ਰੈਸ ਦਾ ਸਵਾਗਤ, ਅੰਬਾਲਾ ਤੱਕ ਜਾਣਗੇ CM ਮਨੋਹਰ ਲਾਲ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਤੇ ਪੈਨਸ਼ਨਰਾਂ ਦੀ ਕੁੱਲ ਗਿਣਤੀ 9 ਹਜ਼ਾਰ ਦੇ ਕਰੀਬ ਹੈ ਅਤੇ ਇਨ੍ਹਾਂ ਦੀ ਮਹੀਨੇ ਦੀ ਤਨਖ਼ਾਹ ਤੇ ਪੈਨਸ਼ਨ ਬਿੱਲ 25 ਕਰੋੜ ਦੇ ਆਸਪਾਸ ਬਣਦੀ ਹੈ। ਪੀਆਰਟੀਸੀ ਕੰਟਰੈਕਚੁਅਲ ਇੰਪਲਾਈਜ਼ ਯੂਨੀਅਨ ਵੱਲੋਂ ਮੁਫ਼ਤ ਬੱਸ ਸੇਵਾ ਦੀ ਰਕਮ ਅਗਾਊਂ ਜਮ੍ਹਾਂ ਕਰਵਾਉਣ ਦੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਤਾਂ ਜੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸਮੇਂ ਸਿਰ ਤਨਖ਼ਾਹ ਤੇ ਪੈਨਸ਼ਨ ਮਿਲ ਸਕੇ। ਜੇ ਸਰਕਾਰ ਔਰਤਾਂ ਨੂੰ ਮੁਫਤ ਬੱਸ ਸਹੂਲਤ ਦੇ ਬਿੱਲ ਸਮੇਂ ਸਿਰ ਦੇ ਦੇਵੇ ਤਾਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਮਿਲ ਸਕਦੀ ਹੈ। ਇਸ ਤੋਂ ਇਲਾਵਾ ਪੈਸਿਆਂ ਦੀ ਘਾਟ ਕਾਰਨ ਕਈ ਬੱਸਾਂ ਡਿਪੂਆਂ ਵਿਚ ਖੜ੍ਹੀਆਂ ਹਨ ਕਿਉਂਕਿ ਪੀਆਰਟੀਸੀ ਕੋਲ ਤੇਲ ਖਰੀਦਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਲਈ ਪੈਸੇ ਨਹੀਂ ਹਨ, ਬੱਸਾਂ ਦੀ ਘਾਟ ਕਾਰਨ ਰੂਟ ਵੀ ਛੋਟੇ ਕੀਤੇ ਜਾ ਰਹੇ ਹਨ। ਰਿਪੋਰਟ-ਗਗਨਦੀਪ ਆਹੂਜਾ -PTC News