ਪੰਜਾਬ ਸਰਕਾਰ ਤੇ ਪੁਲਿਸ ਦੀ ਨਾਕਾਮੀ ਕਾਰਨ ਦੋ ਧਿਰਾਂ 'ਚ ਹੋਇਆ ਟਕਰਾਅ : ਜਥੇਦਾਰ ਪੰਜੌਲੀ
ਪਟਿਆਲਾ : ਸ਼ਹਿਰ ਵਿੱਚ ਵਾਪਰੀ ਘਟਨਾ ਦੇ ਸਬੰਧ ਵਿਚ ਅੱਜ ਗਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੌਲੀ ਦੀ ਅਗਵਾਈ ਵਿੱਚ ਸ਼ਹਿਰ ਸਿੱਖ ਜਥੇਬੰਦੀਆਂ ਨਾਲ ਇਕੱਤਰਤਾ ਕੀਤੀ ਗਈ। ਇਕੱਤਰਤਾ ਦੌਰਾਨ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਕਥਾਵਾਚਕ ਗਿਆਨੀ ਪ੍ਰਿਤਪਾਲ ਸਿੰਘ, ਬਾਬਾ ਕਰਮਵੀਰ ਸਿੰਘ ਬੇਦੀ ਆਦਿ ਸ਼ਖ਼ਸੀਅਤਾਂ ਪੁੱਜੀਆਂ ਸਨ। ਇਸ ਮੌਕੇ ਹਿੰਸਕ ਘਟਨਾ ਉਤੇ ਹੋਈਆਂ ਵਿਚਾਰਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੌਲੀ ਨੇ ਪ੍ਰਤੀਕਿਰਿਆ ਦਿੰਦਿਆਂ ਨੇ ਕਿਹਾ ਕਿ ਪੂਰੀ ਘਟਨਾ ਉਤੇ ਨਜ਼ਰ ਮਾਰੀਏ ਤੇ ਅਮਨ ਸ਼ਾਂਤੀ ਭੰਗ ਕਰਨ ਪਿੱਛੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹਨ ਅਤੇ ਏਨੀ ਵੱਡੀ ਨਲਾਇਕੀ ਕਾਰਨ ਹੀ ਦੋ ਧਿਰਾਂ ਵਿੱਚ ਆਪਸੀ ਟਕਰਾਅ ਹੋਇਆ। ਜਥੇਦਾਰ ਪੰਜੌਲੀ ਨੇ ਕਿਹਾ ਕਿ ਅਮਨ-ਸ਼ਾਂਤੀ ਭੰਗ ਕਰਨ ਵਾਲਿਆਂ ਖਿਲਾਫ਼ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਜਥੇਦਾਰ ਪੰਜੌਲੀ ਨੇ ਸਪੱਸ਼ਟ ਕੀਤਾ ਕਿ ਮੰਦਰ, ਮਸਜਿਦ ਅਤੇ ਗੁਰਦੁਆਰੇ ਹਮੇਸ਼ਾ ਹੀ ਆਸਥਾ ਦਾ ਵੱਡਾ ਕੇਂਦਰ ਹਨ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਅੰਦਰ ਕੁਰਬਾਨੀਆਂ ਦੀ ਵੱਡੀਆਂ ਮਿਸਾਲਾਂ ਮਿਲਦੀਆਂ ਹਨ ਅਤੇ ਸਿੱਖ ਪੰਥ ਅੰਦਰ ਮੰਦਰਾਂ, ਮਸਜਿਦਾਂ ਦੀ ਰਾਖੀ ਲਈ ਜੰਗਲਾਂ ਵਿੱਚ ਰਹਿ ਕੇ ਕੁਰਬਾਨੀਆਂ ਤੇ ਸ਼ਹਾਦਤਾਂ ਦਿੱਤੀਆਂ, ਪਰ ਅੱਜ ਤੱਕ ਕਿਸੇ ਵੀ ਤਰ੍ਹਾਂ ਅਪਮਾਨ ਤੱਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਦੀ ਅਜ਼ਾਦੀ ਵਿੱਚ ਸਭ ਤੋਂ ਵੱਡੀਆਂ ਕੁਰਬਾਨੀਆਂ ਸਿੱਖ ਪੰਥ ਦੇ ਰਹੀਆਂ ਹਨ ਤੇ ਕਦੇ ਵੀ ਦੇਸ਼ ਦੀ ਏਕਤਾ ਅਖੰਡਤਾ ਨੂੰ ਭੰਗ ਨਹੀਂ ਹੋਣ ਦਿੱਤਾ ਗਿਆ। ਜਥੇਦਾਰ ਪੰਜੋਲੀ ਨੇ ਕਿਹਾ ਕਿ ਖ਼ਾਲਿਸਤਾਨ ਕਹਿਣਾ ਗੁਨਾਹ ਨਹੀਂ ਹੈ ਅਤੇ ਇਹ ਹੱਕ ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਵੀ ਦਿੰਦੀ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਜਥੇਦਾਰ ਪੰਜੌਲੀ ਨੇ ਕਿਹਾ ਕਿ ਹਿੰਸਕ ਟਕਰਾਅ ਦੌਰਾਨ ਹੋਈ ਫਾਇਰਿੰਗ ਦੌਰਾਨ ਇਕ ਸਿੱਖ ਨੂੰ ਗੋਲ਼ੀ ਮਾਰਕੇ ਜ਼ਖਮੀ ਕੀਤਾ ਜਾਂਦਾ ਹੈ ਅਤੇ ਇਹ ਗੋਲੀ ਪੁਲਿਸ ਵੱਲੋਂ ਨਹੀਂ ਬਲਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਚਲਾਈ ਗਈ ਹੈ, ਜੋ ਵੱਡੀ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਕ ਡਾਕਟਰੀ ਪੈਨਲ ਬਣਾ ਕੇ ਇਹ ਜਾਂਚ ਕਰਵਾਈ ਜਾਵੇ ਕਿ ਇਹ ਗੋਲੀ ਆਖਿਰ ਕਿਸ ਦੀ ਬੰਦੂਕ ਵਿਚੋਂ ਨਿਕਲੀ ਹੈ ਤਾਂ ਕਿ ਪਤਾ ਲੱਗ ਸਕੇ ਗੋਲੀ ਚਲਾਉਣ ਵਾਲਾ ਕੌਣ ਹੈ, ਜਿਸ ਵਿਅਕਤੀ ਵੱਲੋਂ ਗੋਲੀ ਚਲਾਈ ਗਈ ਹੈ ਉਸ ਖਿਲਾਫ਼ ਧਾਰਾ 307 ਦਾ ਪਰਚਾ ਦਰਜ ਕੀਤਾ ਜਾਵੇ। ਜਥੇਦਾਰ ਪੰਜੌਲੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਸੀਂ ਕਿਹਾ ਕਿ ਸੀ ਦਿੱਲੀ ਦਾ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਅਮਨ ਸ਼ਾਂਤੀ ਮਾਹੌਲ ਨੂੰ ਲਾਬੂੰ ਲਾਉਣਾ ਚਾਹੁੰਦਾ ਹੈ। ਜਥੇਦਾਰ ਪੰਜੌਲੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਹਰ ਵਰਗ ਨੇ ਵੋਟਾਂ ਪਾਈਆਂ ਅਤੇ ਉਸ ਵਿੱਚ ਸਿੱਖ ਵੀ ਸ਼ਾਮਲ ਹਨ, ਜਿਨ੍ਹਾਂ ਖਿਲਾਫ਼ ਪੁਲਿਸ ਪ੍ਰਸ਼ਾਸਨ ਨੇ ਨਾਜਾਇਜ਼ ਪਰਚੇ ਦਰਜ ਕਰ ਦਿੱਤੇ ਗਏ ਹਨ। ਇਹ ਵੀ ਪੜ੍ਹੋ : ਚੰਨੀ ਦੇ ਭਤੀਜੇ ਹਨੀ ਦੀ ਸਪੈਸ਼ਲ ਅਦਾਲਤ 'ਚ 2 ਮਈ ਨੂੰ ਹੋਵੇਗੀ ਸੁਣਵਾਈ