ਪੰਜਾਬ ਸਰਕਾਰ ਦਾ ਵੱਡਾ ਐਲਾਨ, ਮੱਤੇਵਾੜਾ ਪ੍ਰੋਜੈਕਟ ਹੋਵੇਗਾ ਰੱਦ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਕਿ ਸੂਬੇ ਦੇ ਜੰਗਲਾਂ ਤੇ ਬਹੁਮੱਲੇ ਜਲ ਸਰੋਤਾਂ ਨੂੰ ਬਚਾਉਣ ਲਈ ਮੱਤੇਵਾੜਾ ਦੇ ਜੰਗਲਾਂ ਨੇੜੇ ਤਜਵੀਜ਼ਤ ਥਾਂ ਉਤੇ ਕੋਈ ਸਨਅਤੀ ਇਕਾਈ ਨਹੀਂ ਲੱਗੇਗੀ। ਮੱਤੇਵਾੜਾ ਜੰਗਲ ਬਾਰੇ ਜਨਤਕ ਐਕਸ਼ਨ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ, ਮੈਂ ਸਪੱਸ਼ਟ ਤੌਰ ਉਤੇ ਦੱਸਣਾ ਚਾਹੁੰਦਾ ਹਾਂ ਕਿ ਨਾ ਸਿਰਫ਼ ਮੱਤੇਵਾੜਾ, ਸਗੋਂ ਸੂਬਾ ਸਰਕਾਰ ਪੰਜਾਬ ਦੇ ਕਿਸੇ ਵੀ ਦਰਿਆ ਦੇ ਕੰਢੇ ਉਤੇ ਕੋਈ ਸਨਅਤ ਲਾਉਣ ਦੀ ਇਜਾਜ਼ਤ ਨਹੀਂ ਦੇਵੇਗੀ ਤਾਂ ਕਿ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ। ਮੁੱਖ ਮੰਤਰੀ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਸਾਬਕਾ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਇਸ ਪ੍ਰਾਜੈਕਟ ਦੇ ਸਾਰੇ ਪੱਖਾਂ ਨੂੰ ਘੋਖੇ ਬਗੈਰ ਇਕ ਹਜ਼ਾਰ ਏਕੜ ਜਗ੍ਹਾ ਵਿੱਚ ਟੈਕਸਟਾਈਲ ਪਾਰਕ ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੀ ਪ੍ਰਸਤਾਵਿਤ ਥਾਂ ਮੱਤੇਵਾੜਾ ਜੰਗਲਾਂ ਦੇ ਨੇੜੇ ਅਤੇ ਸਤਲੁਜ ਦਰਿਆ ਦੇ ਕੰਢੇ ਉਤੇ ਹੈ ਪਰ ਇਸ ਪ੍ਰਾਜੈਕਟ ਨਾਲ ਸੂਬੇ ਦੇ ਵਾਤਾਵਰਨ ਉਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਕੈਪਟਨ ਸਰਕਾਰ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਨਾ ਸਿਰਫ਼ ਦਰੱਖਤ ਵੱਢੇ ਜਾਣਗੇ, ਸਗੋਂ ਇਸ ਨਾਲ ਦਰਿਆਈ ਪਾਣੀ ਵਿੱਚ ਵੱਡੇ ਪੱਧਰ ਉਤੇ ਪ੍ਰਦੂਸ਼ਣ ਫੈਲੇਗਾ, ਜਿਹੜਾ ਇਸ ਖਿੱਤੇ ਵਿੱਚ ਜੰਗਲੀ ਜੀਵਨ ਦੇ ਨਾਲ-ਨਾਲ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਇਸ ਪ੍ਰਾਜੈਕਟ ਦੀ ਡੂੰਘਾਈ ਨਾਲ ਘੋਖ ਕੀਤੀ ਅਤੇ ਪਾਇਆ ਕਿ ਇਸ ਨਾਲ ਇਲਾਕੇ ਦਾ ਵਾਤਾਵਰਨਕ ਤਾਵਜ਼ਨ ਵਿਗੜੇਗਾ। ਉਨ੍ਹਾਂ ਕਿਹਾ ਕਿ ਵਾਤਾਵਰਨ ਤੇ ਮਨੁੱਖੀ ਜੀਵਨ ਉਤੇ ਇਸ ਪ੍ਰਾਜੈਕਟ ਦੇ ਮਾੜੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਜ਼ਮੀਨ ਉਤੇ ਕੋਈ ਸਨਅਤੀ ਇਕਾਈ ਨਹੀਂ ਲੱਗੇਗੀ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਹਰਿਆਲੀ ਨੂੰ ਕਿਸੇ ਵੀ ਕੀਮਤ ਉਤੇ ਬਚਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਪ੍ਰਸਤਾਵਿਤ ਟੈਕਸਟਾਈਲ ਪਾਰਕ ਲਈ ਕਿਸੇ ਹੋਰ ਥਾਂ ਉਤੇ ਜ਼ਮੀਨ ਦੇਣ ਲਈ ਤਿਆਰ ਹੈ ਪਰ ਸ਼ਰਤ ਇਹ ਹੈ ਕਿ ਇਸ ਨਾਲ ਸੂਬੇ ਦਾ ਪਾਣੀ ਪ੍ਰਦੂਸ਼ਿਤ ਨਾ ਹੋਵੇ। ਭਗਵੰਤ ਮਾਨ ਨੇ ਪੰਜਾਬ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਕਰਨ ਲਈ ਵਾਤਾਵਰਨਕ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਲੁਧਿਆਣਾ ਦੇ ਫੇਫੜੇ ਕਹੇ ਜਾਣ ਵਾਲੇ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਲਈ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਅੱਜ ਵੱਡੀ ਜਿੱਤ ਹਾਸਲ ਹੋਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਪ੍ਰੋਜੈਕਟ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ। ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਪਬਲਿਕ ਐਕਸ਼ਨ ਕਮੇਟੀ ਅਤੇ ਲੋਕਾਂ ਨੂੰ ਸ਼ੁਰੂ ਕੀਤੇ ਗਏ ਸੰਘਰਸ਼ ਦੀ ਜਿੱਤ ਹੋਈ ਹੈ। ਅੱਜ ਮੁੱਖ ਮੰਤਰੀ ਅਤੇ ਪਬਲਿਕ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਵਿਚਕਾਰ ਮੀਟਿੰਗ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮੱਤੇਵਾੜਾ ਦੇ ਜੰਗਲਾਂ ਨੂੰ ਉਜਾੜਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਲੁਧਿਆਣਾ ਦੇ ਬੁੱਢੇ ਦਰਿਆ ਦੀ ਸਫ਼ਾਈ ਦਾ ਭਰੋਸਾ ਦਿਵਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਕ ਹੋਰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਮੱਤੇਵਾੜਾ ਟੈਕਸਟਾਈਲ ਪਾਰਕ ਪ੍ਰੋਜੈਕਟ ਰੱਦ ਹੋਵੇਗਾ। ਇਹ ਅਹਿਮ ਫੈਸਲਾ ਪਬਲਿਕ ਐਕਸ਼ਨ ਕਮੇਟੀ ਦੀ ਮੀਟਿੰਗ ਵਿਚ ਮੁੱਖ ਮੰਤਰੀ ਨੇ ਲਿਆ। ਉਨ੍ਹਾਂ ਦੀ ਮੱਤੇਵਾੜਾ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਖਤਮ ਹੋ ਗਈ ਹੈ। ਇਹ ਮੀਟਿੰਗ ਸੀਐਮ ਹਾਊਸ ਵਿਚ ਹੋਈ ਸੀ। ਪਬਲਿਕ ਐਕਸ਼ਨ ਦੀ ਸੱਤ ਮੈਂਬਰੀ ਕਮੇਟੀ ਵਿਚ ਲਏ ਗਏ ਇਸ ਮਾਮਲੇ ਤੋਂ ਕਮੇਟੀ ਦੇ ਮੈਂਬਰ ਸੰਤੁਸ਼ਟ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਤਾਂ ਰੱਦ ਕੀਤਾ ਹੀ ਜਾਵੇਗਾ ਇਸ ਦੇ ਨਾਲ ਹੀ ਭਵਿੱਖ ਵਿਚ ਵੀ ਅਜਿਹਾ ਕੋਈ ਵੀ ਪ੍ਰਾਜੈਕਟ ਪਾਸ ਨਹੀਂ ਹੋਵੇਗਾ ਜੋ ਕੁਦਰਤੀ ਸੋਮਿਆਂ ਨੂੰ ਨੁਕਸਾਨ ਪਹੁੰਚੇ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਮੱਤੇਵਾੜਾ ਦੇ ਜੰਗਲਾਂ ਨੂੰ ਹੋਰ ਵਿਕਸਿਤ ਕੀਤਾ ਜਾਵੇਗਾ। ਇਥੇ ਈਕੋ ਫ੍ਰੈਂਡਲੀ ਟੂਰਿਜ਼ਮ ਨੂੰ ਪ੍ਰਫੁੱਲਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹੋ ਜੰਗਲ ਲਾਇਆ ਜਾਵੇਗਾ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਟਵੀਟ ਕਰਕੇ ਲਿਖਿਆ ਕਿ ਸੀਐਮ ਭਗਵੰਤ ਮਾਨ ਨੇ ਜਨਤਾ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਮੱਤੇਵਾੜੀ ਪ੍ਰੋਜੈਕਟ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਅਸੀਂ ਮੁੱਖ ਮੰਤਰੀ ਦੇ ਇਸ ਐਲਾਨ ਦਾ ਸਵਾਗਤ ਕਰਦੇ ਹਾਂ। ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਸਾਰੇ ਫੈਸਲੇ ਲੋਕ ਰਾਇ ਦੇ ਆਧਾਰ 'ਤੇ ਲੈਣ 'ਚ ਵਿਸ਼ਵਾਸ ਰੱਖਦੀ ਹੈ।
ਕਾਬਿਲੇਗੌਰ ਹੈ ਕਿ ਮੱਤੇਵਾੜਾ ਜੰਗਲ ਕਈ ਪੱਖਾਂ ਤੋਂ ਅਹਿਮ ਹਨ। ਜਿਥੇ ਇਨ੍ਹਾਂ ਜੰਗਲਾਂ ਦਾ ਵਾਤਾਵਰਣ ਪਹਿਲੂ ਹੈ, ਉਥੇ ਧਾਰਮਕ ਮਾਨਤਾ ਵੀ ਹੈ। ਜ਼ਿਕਰਯੋਗ ਹੈ ਕਿ ਮੱਤੇਵਾੜਾ ਦੇ ਜੰਗਲ ਵਾਤਾਵਰਣ ਨੂੰ ਬਚਾਉਣ ਲਈ ਬੇਹੱਦ ਅਹਿਮ ਹਨ। ਜੇ ਇਹ ਪ੍ਰਾਜੈਕਟ ਲਾਇਆ ਜਾਂਦਾ ਤਾਂ ਵੱਡੇ ਪੱਧਰ ਉਤੇ ਦਰੱਖਤ ਕੱਟੇ ਜਾਣੇ ਸਨ ਤੇ ਨਾਲੋਂ ਵਗਦੇ ਦਰਿਆ ਨੇ ਗੰਧਲਾ ਹੋਣਾ ਸੀ। ਦਰਅਸਲ, ਲੋਕ ਐਕਸ਼ਨ ਕਮੇਟੀ ਨੇ ਐਤਵਾਰ ਨੂੰ ਸਿਆਸੀ, ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਨੂੰ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਉਤੇ ਮੱਤੇਵਾੜਾ ਇੰਡਸਟਰੀਅਲ ਪਾਰਕ ਖ਼ਿਲਾਫ਼ ਸੰਘਰਸ਼ ਦੀ ਰੂਪ ਰੇਖਾ ਤੈਅ ਕਰਨ ਲਈ ਸਹਿਯੋਗ ਦੇਣ ਦਾ ਸੱਦਾ ਦਿੱਤਾ ਸੀ। ਇੱਥੇ ਪੁੱਜੇ ਆਗੂਆਂ ਨੇ ਪ੍ਰਸਤਾਵਿਤ ਮਾਡਰਨ ਇੰਡਸਟਰੀਅਲ ਪਾਰਕ (ਟੈਕਸਟਾਈਲ ਪਾਰਕ) ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਇਆ। ਇਸ ਪ੍ਰੋਗਰਾਮ ਵਿੱਚ ਸਿਆਸਤਦਾਨਾਂ ਤੋਂ ਇਲਾਵਾ ਪੰਜਾਬ, ਰਾਜਸਥਾਨ ਅਤੇ ਹਰਿਆਣਾ ਤੋਂ ਵਾਤਾਵਰਨ ਪ੍ਰੇਮੀ ਪੁੱਜੇ ਹੋਏ ਸਨ। ਇਸ ਪ੍ਰਾਜੈਕਟ ਨੂੰ ਵਾਤਾਵਰਨ ਲਈ ਵੱਡਾ ਖ਼ਤਰਾ ਦੱਸਦਿਆਂ ਸਾਰਿਆਂ ਨੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੀ ਮੰਗ ਕੀਤੀ ਸੀ। ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਭਗੌੜੇ ਵਿਜੇ ਮਾਲਿਆ ਨੂੰ ਸੁਣਾਈ 4 ਮਹੀਨੇ ਕੈਦ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾਮਾਣਯੋਗ ਮੁੱਖ ਮੰਤਰੀ @BhagwantMann ਜੀ ਵੱਲੋਂ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਮੱਤੇਵਾੜਾ ਪ੍ਰਾਜੈਕਟ ਰੱਦ ਕਰਨ ਦਾ ਐਲਾਨ ਕੀਤਾ ਹੈ । ਮੁੱਖ ਮੰਤਰੀ ਜੀ ਦੇ ਇਸ ਐਲਾਨ ਦਾ ਸਵਾਗਤ ਕਰਦੇ ਹਾਂ । ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਦੀ ਰਾਏ ਨਾਲ ਹੀ ਸਾਰੇ ਫ਼ੈਸਲੇ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। — Gurmeet Singh Meet Hayer (@meet_hayer) July 11, 2022