ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 2 ਟੈਸਟ ਨੈਗੇਟਿਵ ਆਉਣ 'ਤੇ ਮੁੜ ਭੇਜਿਆ ਪਟਿਆਲਾ ਜੇਲ੍ਹ
ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 2 ਟੈਸਟ ਨੈਗੇਟਿਵ ਆਉਣ 'ਤੇ ਮੁੜ ਭੇਜਿਆ ਪਟਿਆਲਾ ਜੇਲ੍ਹ:ਪਟਿਆਲਾ : ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 2 ਟੈਸਟ ਨੈਗੇਟਿਵ ਆਉਣ ਮਗਰੋਂ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚੋਂ ਮੁੜ ਸੈਂਟਰਲ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ ਹੈ। ਬੁੱਧਵਾਰ ਰਾਤ ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਤੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਬੰਦੀ ਵਾਰਡ ਵਿੱਚ ਤਬਦੀਲ ਕੀਤਾ ਗਿਆ ਸੀ। ਜੱਗੂ ਭਗਵਾਨਪੁਰੀਆ ਤੋਂ ਇਲਾਵਾ ਜੇਲ੍ਹ ਸੁਪਰਟੈਂਡੇਂਟ ਸਮੇਤ ਜੇਲ੍ਹ ਦੇ ਬਾਕੀ ਅਧਿਕਾਰੀਆਂ ਦੀ ਵੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਜਾਣਕਾਰੀ ਅਨੁਸਾਰ ਜੱਗੂ ਦਾ ਬੀਤੇ ਦਿਨੀਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਕੋਰੋਨਾ ਟੈਸਟ ਕਰਵਾਇਆ ਗਿਆ ਅਤੇ ਬੁੱਧਵਾਰ ਰਾਤ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਵੀ ਟੈਸਟ ਲਿਆ ਗਿਆ ਸੀ ,ਉਸਦੇ ਦੋਵੇਂ ਟੈਸਟ ਨੈਗੇਟਿਵ ਆਏ ਹਨ। ਜਿਸ ਦੇ ਚੱਲਦਿਆਂ ਜੱਗੂ ਨੂੰ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਜੱਗੂ ਦੇ ਪਟਿਆਲਾ ਜੇਲ੍ਹ ਵਿੱਚ ਸੰਪਰਕ ਵਿੱਚ ਆਉਣ ਵਾਲੇ ਬੰਦੀ ਅਤੇ ਜੇਲ੍ਹ ਮੁਲਾਜ਼ਮਾਂ ਦੇ 22 ਟੈਸਟ ਕੀਤੇ ਗਏ ਸਨ। ਦੱਸ ਦੇਈਏ ਕਿ ਜੱਗੂ ਨੂੰ 30 ਅਪ੍ਰੈਲ ਨੂੰ ਪਟਿਆਲਾ ਜੇਲ੍ਹ ਤੋਂ ਬਟਾਲਾ ਇੱਕ ਕੇਸ ਦੀ ਜਾਂਚ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਜਾਇਆ ਗਿਆ ਸੀ। ਜਿਥੇ ਉਸ ਦੇ ਮੈਡੀਕਲ ਕਰਵਾਉਣ ਦੌਰਾਨ ਕੋਰੋਨਾ ਦਾ ਟੈਸਟ ਇੱਕ ਨਿੱਜੀ ਲੈਬ ਤੋਂ ਕਰਵਾਇਆ ਗਿਆ ਸੀ ਜੋ ਕਿ ਪਾਜ਼ੀਟਿਵ ਆਇਆ ਸੀ। ਜਿਸ ਨਾਲ ਬਟਾਲਾ ਪੁਲਿਸ ਵਿੱਚ ਹੜਕੰਪ ਮੱਚ ਗਿਆ ਸੀ ਅਤੇ ਬਟਾਲਾ ਪੁਲਿਸ ਦੇ 40 ਪੁਲਿਸ ਮੁਲਾਜ਼ਮ ਤੇ ਅਫ਼ਸਰ ਸ਼ੱਕ ਵਿੱਚ ਆ ਗਏ ਸਨ ਅਤੇ ਉਨ੍ਹਾਂ ਨੂੰ ਇਕਾਂਤਵਾਸ ਦੀ ਕਾਰਵਾਈ ਆਰੰਭ ਦਿੱਤੀ ਸੀ। -PTCNews