ਪੰਜਾਬ 'ਚ ਕੋਰੋਨਾ ਵਾਇਰਸ ਦੇ 284 ਮਾਮਲਿਆਂ ਦੀ ਪੁਸ਼ਟੀ, 17 ਮੌਤਾਂ, 66 ਮਰੀਜ਼ ਹੋਏ ਠੀਕ
ਪੰਜਾਬ 'ਚ ਕੋਰੋਨਾ ਵਾਇਰਸ ਦੇ 284 ਮਾਮਲਿਆਂ ਦੀ ਪੁਸ਼ਟੀ, 17 ਮੌਤਾਂ, 66 ਮਰੀਜ਼ ਹੋਏ ਠੀਕ:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਵੀ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਜਲੰਧਰ 'ਚ ਅੱਜ 6 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵੱਧ ਕੇ 59 ਹੋ ਗਈ ਹੈ। ਜਿਸ ਨਾਲ ਜਲੰਧਰ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ। ਮੋਹਾਲੀ 'ਚ ਅੱਜ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਪਾਇਆ ਗਿਆ ਹੈ। ਇਹ ਜ਼ਿਲ੍ਹੇ ਦੇ ਪਿੰਡ ਨਵਾਂਗਾਓਂ ਤੋਂ ਹੈ। ਇਸ ਮਰੀਜ਼ ਦੀ ਉਮਰ 30 ਸਾਲ ਦੇ ਕਰੀਬ ਹੈ। ਇਹ ਵਿਅਕਤੀ ਪਹਿਲਾਂ ਪਾਜ਼ੀਟਿਵ ਪਾਏ ਗਏ ਵਿਅਕਤੀ ਦੇ ਸੰਪਰਕ 'ਚ ਆਇਆ ਸੀ। ਜ਼ਿਲ੍ਹੇ 'ਚ ਹੁਣ ਤੱਕ ਕੁੱਲ 63 ਪਾਜ਼ੀਟਿਵ ਮਾਮਲੇ ਪਾਏ ਗਏ, ਜਿਨ੍ਹਾਂ ਵਿੱਚੋਂ 14 ਠੀਕ ਹੋ ਚੁੱਕੇ ਹਨ ਅਤੇ 47 ਮਾਮਲੇ ਸਰਗਰਮ ਹਨ,ਜਦਕਿ 2 ਜਣਿਆਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਕਾਰਨ ਅੱਜ ਪੰਜਾਬ ਵਿਚ 17ਵੀਂ ਮੌਤ ਹੋ ਗਈ ,ਜੋ ਕਿ ਇਕ 6 ਮਹੀਨੇ ਦੀ ਬੱਚੀ ਸੀ। ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਤੋਂ ਆਈ ਬੱਚੀ ਨੂੰ ਦਿਲ ਦੇ ਛੇਕ ਦੇ ਇਲਾਜ ਲਈ ਪੀਜੀਆਈ 'ਚ ਦਾਖਲ ਕਰਵਾਇਆ ਗਿਆ ਸੀ। ਇਸ ਬੱਚੀ ਨੂੰ 9 ਅਪਰੈਲ ਤੋਂ ਚੰਡੀਗੜ੍ਹ ਦੇ ਪੀਜੀਆਈ ਦੇ ਐਡਵਾਂਸਡ ਪੀਡੀਆਟ੍ਰਿਕ ਸੈਂਟਰ 'ਚ ਦਾਖਲ ਕਰਵਾਇਆ ਗਿਆ ਸੀ। ਜਦੋਂ ਉਸ ਦੀ ਸਿਹਤ ਖਰਾਬ ਹੋਣ ਅਤੇ ਇਨਫੈਕਸ਼ਨ ਹੋਣ ਕਰਕੇ ਸੈਂਪਲ ਲੈ ਕੇ ਕੋਰੋਨਾ ਦੀ ਜਾਂਚ ਕੀਤੀ ਗਈ। ਬੁੱਧਵਾਰ ਨੂੰ ਆਈ ਰਿਪੋਰਟ 'ਚ ਉਹ ਕੋਰੋਨਾ ਨਾਲ ਸੰਕਰਮਿਤ ਪਾਈ ਗਈ ਸੀ। ਇਸ ਤੋਂ ਇਲਾਵਾ ਰਾਹਤ ਵਾਲੀ ਖ਼ਬਰ ਹੈ ਕਿ ਅੱਜ 13 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਿਹਤਯਾਬ ਹੋ ਗਏ ਹਨ ਅਤੇ ਪੰਜਾਬ 'ਚੋਂ ਕੁੱਲ 66 ਪਾਜ਼ੀਟਿਵ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਇਸ ਦੌਰਾਨ ਅੱਜ ਪਠਾਨਕੋਟ ਤੋਂ 5, ਮੋਗਾ ਤੋਂ 4 ਅਤੇ ਫਤਿਹਗੜ੍ਹ, ਮਾਨਸਾ, ਸੰਗਰੂਰ ਤੇ ਰੋਪੜ ਤੋਂ ਇਕ-ਇਕ ਮਰੀਜ਼ ਠੀਕ ਹੋਏ ਹਨ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 284 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ – 63, ਜਲੰਧਰ – 59, ਪਟਿਆਲਾ – 49, ਪਠਾਨਕੋਟ – 24 , ਨਵਾਂਸ਼ਹਿਰ – 19 , ਲੁਧਿਆਣਾ – 16, ਅੰਮ੍ਰਿਤਸਰ – 13 , ਮਾਨਸਾ – 11, ਹੁਸ਼ਿਆਰਪੁਰ – 7 , ਮੋਗਾ – 4 , ਫਰੀਦਕੋਟ – 3 , ਰੋਪੜ – 3, ਸੰਗਰੂਰ – 3 , ਕਪੂਰਥਲਾ – 3 ,ਬਰਨਾਲਾ – 2 , ਫਤਿਹਗੜ੍ਹ ਸਾਹਿਬ – 2 , ਗੁਰਦਾਸਪੁਰ- 1, ਸ੍ਰੀ ਮੁਕਤਸਰ ਸਾਹਿਬ – 1 , ਫਿਰੋਜ਼ਪੁਰ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 17 ਮੌਤਾਂ ਹੋ ਚੁੱਕੀਆਂ ਹਨ ਅਤੇ 66 ਮਰੀਜ਼ ਠੀਕ ਹੋ ਚੁੱਕੇ ਹਨ। -PTCNews