ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਆਸ਼ਾ ਵਰਕਰਾਂ ਲਈ ਕੀਤੇ ਵੱਡੇ ਐਲਾਨ
ਚਮਕੌਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਰੈਲੀ ਨੂੰ ਸੰਬੋਧਨ ਕਰਦੇ ਮੁਲਾਜ਼ਮਾਂ ਲਈ ਵੱਡੇ ਐਲਾਨ ਕੀਤੇ ਹੈ। ਇਸ ਦੌਰਾਨ ਉਨ੍ਹਾਂ ਨੇ ਰੈਲੀ 'ਚ ਪੁੱਜੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ। ਸੀਐਮ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਕੰਮ ਕਰ ਰਹੀਆਂ 22 ਹਜ਼ਾਰ ਆਸ਼ਾ ਵਰਕਰਾਂ ਨੂੰ ਹੁਣ 2500 ਰੁਪਏ ਪ੍ਰਤੀ ਮਹੀਨਾ ਭੱਤਾ ਮਿਲੇਗਾ। ਪਹਿਲਾਂ ਉਨ੍ਹਾਂ ਨੂੰ ਕੋਈ ਭੱਤਾ ਨਹੀਂ ਮਿਲਦਾ ਸੀ। ਇਹ ਪਹਿਲਾਂ ਤੋਂ ਉਪਲਬਧ ਲਾਭਾਂ ਦੇ ਨਾਲ ਹੋਵੇਗਾ। ਆਸ਼ਾ ਵਰਕਰਾਂ ਨੂੰ 5 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਸਿਹਤ ਬੀਮਾ ਮੁਹੱਈਆ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੱਕੇ ਕਰਮਚਾਰੀਆਂ ਵਾਂਗ ਮੈਟਰਨਿਟੀ ਲੀਵ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਕਾਰਨ ਆਸ਼ਾ ਵਰਕਰਾਂ ਨੂੰ 64.25 ਕਰੋੜ ਦਾ ਤੋਹਫਾ ਮਿਲਿਆ ਹੈ। ਦਰਅਸਲ ਆਂਗਣਵਾੜੀ ਵਰਕਰ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦੱਸਿਆ ਕਿ ਪੰਜਾਬ ਦੇ 19,300 ਸਕੂਲਾਂ ਵਿੱਚ 42,205 ਮਿਡ-ਡੇ-ਮੀਲ ਵਰਕਰ ਕੰਮ ਕਰ ਰਹੇ ਹਨ। ਜਿਨ੍ਹਾਂ ਨੂੰ ਇਸ ਵੇਲੇ 2,200 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ। ਇਸ ਵਿੱਚ ਪੰਜਾਬ ਵੱਲੋਂ 1600 ਰੁਪਏ ਅਤੇ ਕੇਂਦਰ ਸਰਕਾਰ ਵੱਲੋਂ 600 ਰੁਪਏ ਦਿੱਤੇ ਜਾਂਦੇ ਹਨ।
ਇਹ ਵੀ ਪੂਰੇ ਸਾਲ ਲਈ ਨਹੀਂ, ਸਿਰਫ 10 ਮਹੀਨਿਆਂ ਲਈ ਉਪਲਬਧ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਭੱਤਾ ਵਧਾ ਕੇ 3000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਇਹ ਭੱਤਾ ਵੀ ਹੁਣ 10 ਮਹੀਨਿਆਂ ਦੀ ਬਜਾਏ 12 ਮਹੀਨਿਆਂ ਲਈ ਮਿਲੇਗਾ। ਇਸ ਕਾਰਨ ਉਨ੍ਹਾਂ ਨੂੰ 60 ਕਰੋੜ ਦਾ ਤੋਹਫਾ ਮਿਲਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਚੰਨੀ ਸਰਕਾਰ ਨੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦਾ ਤੋਹਫਾ ਦਿੱਤਾ ਸੀ। ਪੰਜਾਬ ਸਰਕਾਰ ਨੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਦੇ ਇਸ ਫੈਸਲੇ ਨਾਲ ਕਰੀਬ ਦੋ ਲੱਖ ਪਰਿਵਾਰਾਂ ਨੂੰ ਰਾਹਤ ਮਿਲੀ ਹੈ। -PTC News