ਜ਼ਿਮਨੀ ਚੋਣਾਂ 2019 ਦੇ ਨਤੀਜੇ: ਮੁਕੇਰੀਆਂ 'ਚ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਨੇ ਮਾਰੀ ਬਾਜ਼ੀ
ਜ਼ਿਮਨੀ ਚੋਣਾਂ 2019 ਦੇ ਨਤੀਜੇ: ਮੁਕੇਰੀਆਂ 'ਚ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਨੇ ਮਾਰੀ ਬਾਜ਼ੀ,ਮੁਕੇਰੀਆਂ: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ 21 ਅਕਤੂਬਰ ਨੂੰ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਲੱਗਭਗ ਸਾਹਮਣੇ ਆ ਚੁੱਕੇ ਹਨ। ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ‘ਚੋਂ ਇੱਕ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਤਿੰਨ ਸੀਟਾਂ ‘ਤੇ ਕਾਂਗਰਸ ਨੇ ਕਬਜ਼ਾ ਕੀਤਾ ਹੈ। ਇਸ ਦੌਰਾਨ ਮੁਕੇਰੀਆਂ ਸੀਟ ਤੋਂ ਕਾਂਗਰਸੀ ਉਮੀਦਵਾਰ ਸ੍ਰੀਮਤੀ ਇੰਦੂ ਬਾਲਾ ਨੇ ਫਸਵੇਂ ਮੁਕਾਬਲੇ 'ਚ ਜਿੱਤ ਹਾਸਲ ਕਰ ਲਈ ਹੈ। ਇਸ ਸੀਟ ਤੋਂ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਨੇ 3440 ਵੋਟਾਂ ਦੀ ਲੀਡ ਹਾਸਲ ਕਰਦਿਆਂ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੂੰ ਹਰਾਇਆ ਹੈ। ਜਾਣਕਾਰੀ ਮੁਤਾਬਕ ਇੰਦੂ ਬਾਲਾ ਨੂੰ ਕੁੱਲ 53910 ਵੋਟਾਂ ਜਦਕਿ ਭਾਜਪਾ ਨੂੰ 50470 ਵੋਟਾਂ ਮਿਲੀਆ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਨੂੰ ਕੁੱਲ 268 ਵੋਟਾਂ ਮਿਲੀਆ। ਦੱਸ ਦੇਈਏ ਕਿ ਮੁਕੇਰੀਆ 'ਚ ਕਾਂਗਰਸੀ ਉਮੀਦਵਾਰ ਇੰਦੂ ਬਾਲਾ, ਭਾਜਪਾ ਤੋਂ ਜੰਗੀ ਲਾਲ ਮਹਾਜਨ ਅਤੇ ਆਮ ਅਦਮੀ ਪਾਰਟੀ ਤੋਂ ਗੁਰਧਿਆਨ ਸਿੰਘ ਮੁਲਤਾਨੀ ਚੋਣ ਮੈਦਾਨ 'ਚ ਸਨ, ਜਿਨ੍ਹਾਂ 'ਚੋਂ ਇੰਦੂ ਬਾਲਾ ਨੇ ਲੀਡ ਹਾਸਲ ਕਰਦਿਆਂ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਵੋਟਾਂ ਪਈਆਂ ਸਨ , ਜਿਨ੍ਹਾਂ ਦੇ ਨਤੀਜੇ ਆ ਚੁੱਕੇ ਹਨ। -PTC News