ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਜਵਾਬੀ ਮਾਰਚ ਕਰੇਗੀ ਪੰਜਾਬ ਭਾਜਪਾ
ਚੰਡੀਗੜ੍ਹ, 22 ਸਤੰਬਰ: ਜਿੱਥੇ ਇੱਕ ਪਾਸੇ 'ਆਪ' ਸਰਕਾਰ ਦਾ ਵਿਸ਼ੇਸ਼ ਇਜਲਾਸ ਰੱਦ ਹੋਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ 92 ਵਿਧਾਇਕਾਂ ਅਤੇ ਹੋਰ ਪਾਰਟੀ ਵਰਕਰਾਂ ਨਾਲ ਪੰਜਾਬ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੀ ਰਿਹਾਇਸ਼ ਵੱਲ ਸ਼ਾਂਤੀ ਮਾਰਚ ਕੱਦ ਰਹੇ ਨੇ, ਉੱਥੇ ਹੀ ਦੂਜੇ ਪਾਸੇ ਮੁੱਖ ਮਨਰਤੀ ਪੰਜਾਬ ਦੀ ਰਿਹਾਇਸ਼ ਵੱਲ ਜਵਾਬੀ ਮਾਰਚ ਕਰਨ ਲਈ ਭਾਜਪਾ ਵਰਕਰ ਵੀ ਚੰਡੀਗੜ੍ਹ ਸਥਿਤ ਭਾਜਪਾ ਦੇ ਸਟੇਟ ਹੈੱਡਕੁਆਰਟਰ ਦੇ ਬਾਹਰ ਇਕੱਠੇ ਹੋ ਚੁੱਕੇ ਹਨ। ਭਾਜਪਾ ਦਾ ਕਹਿਣਾ ਕਿ ਰਾਜਪਾਲ ਵੱਲੋਂ ਇਸ ਸੈਸ਼ਨ ਨੂੰ ਰੱਦ ਕਰਨਾ ਸਰਕਾਰ ਨੂੰ ਸਿੱਧਾ ਜਵਾਬ ਹੈ ਕਿ ਸਰਕਾਰ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਗਲਤ ਕਦਮ ਚੁੱਕ ਰਹੀ ਸੀ। ਸੱਤਾਧਾਰੀ 'ਆਪ' ਵਿਧਾਇਕਾਂ ਨੇ ਵੀਰਵਾਰ ਨੂੰ ਸੂਬੇ ਦੇ ਲੋਕਾਂ ਦਾ ਭਰੋਸਾ ਹਾਸਲ ਕਰਨ ਲਈ ਭਰੋਸੇ ਦਾ ਮਤਾ ਲਿਆਉਣ ਲਈ ਅੱਜ ਦੇ ਦਿਨ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਸੱਦਿਆ ਸੀ ਪਰ ਪੰਜਾਬ ਦੇ ਰਾਜਪਾਲ ਦੀ ਮਨਜ਼ੂਰੀ ਵਾਪਸ ਲੈਣ ਤੋਂ ਬਾਅਦ 'ਆਪ' ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਸੀ, ਜੋ ਕਿ ਵਿਧਾਨ ਸਭ ਤੋਂ ਸ਼ੁਰੂ ਹੋਕੇ ਰਾਜ ਭਵਨ ਤੱਕ ਜਾਵੇਗਾ। ਵਿਰੋਧੀ ਧਿਰ ਕਾਂਗਰਸ ਅਤੇ ਭਾਜਪਾ ਵੱਲੋਂ ਸਦਨ ਦੇ ਨਿਯਮਾਂ ਵਿੱਚ ਇਸ ਦੀ ਇਜਾਜ਼ਤ ਨਾ ਦੇਣ ਦੀ ਦਲੀਲ ਦੇਣ ਤੋਂ ਬਾਅਦ ਰਾਜਪਾਲ ਨੇ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਕਾਨੂੰਨੀ ਰਾਏ ਲੈਣ ਦੀ ਪਟੀਸ਼ਨ 'ਤੇ ਇਜਾਜ਼ਤ ਵਾਪਸ ਲੈ ਲਈ। ਇਸ ਦੌਰਾਨ ਅਗਲੇ ਹਫ਼ਤੇ ਤੋਂ ਸੰਭਾਵਿਤ ਤੌਰ 'ਤੇ ਸੈਸ਼ਨ ਦੀ ਸ਼ੁਰੂਆਤ ਕਰਨ ਲਈ ਲਈ ਮੰਤਰੀ ਮੰਡਲ ਵੱਲੋਂ ਅੱਜ ਇੱਕ ਵਿਸ਼ੇਸ਼ ਇਕੱਤਰਤਾ ਸੱਦੀ ਗਈ। ਜਿਸ ਤੋਂ ਬਾਅਦ ਹੁਣ 'ਆਪ' ਸਰਕਾਰ ਨੇ 27 ਸਤੰਬਰ ਨੂੰ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਵੀ ਪੜ੍ਹੋ: ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਹੋਣ ਮਗਰੋਂ ਸਿਆਸੀ ਸ਼ਖ਼ਸੀਅਤਾਂ ਦਾ ਪ੍ਰਤੀਕਰਮ ਆਇਆ ਸਾਹਮਣੇ ਇਸ ਦੇ ਨਾਲ ਮਾਨ ਨੇ ਵਿਸ਼ੇਸ਼ ਇਕੱਤਰਤਾ ਨੂੰ ਸੰਬੋਧਨ ਮਗਰੋਂ ਹਾਲ ਹੀ 'ਚ ਇੱਕ ਵੀਡੀਓ ਜਾਰੀ ਕਰ ਕਿਹਾ ਕਿ ਵਿਧਾਨ ਸਭਾ ਸੈਸ਼ਨ ਰੱਦ ਹੋਣ ਦੇ ਇਸ ਫ਼ੈਸਲੇ ਦੇ ਵਿਰੁੱਧ ਉਹ ਸੁਪਰੀਮ ਕੋਰਟ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਅਤੇ ਭਾਜਪਾ ਪਾਰਟੀਆਂ ਰਲੀਆਂ ਹੋਈਆਂ ਨੇ ਅਤੇ ਆਪਰੇਸ਼ਨ ਲੋਟਸ ਨੂੰ ਲੈ ਕੇ ਦੋਵੇਂ ਧਿਰਾਂ ਇੱਕ ਦੂਜੇ ਦੇ ਹੱਕ 'ਚ ਖੜੀਆਂ ਹਨ। ਇਸ ਤੋਂ ਪਹਿਲਾਂ ਮਾਨ ਨੇ ਆਪਣੇ ਪਿਛਲੇ ਬਿਆਨ ਵਿੱਚ ਕਿਹਾ ਸੀ ਕਿ ਇਹ ਵਿਸ਼ੇਸ਼ ਇਜਲਾਸ ਪੰਜਾਬ ਵਿੱਚ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਡੇਗਣ ਦੀ ਕਥਿਤ ਸਾਜ਼ਿਸ਼ ਬਾਰੇ ਭੇਤ ਖੋਲ੍ਹ ਦੇਵੇਗਾ। -PTC News