9 ਮਹੀਨਿਆਂ ਤੋਂ ਸ਼ਗਨ ਸਕੀਮ ਰਾਸ਼ੀ ਦੀ ਉਡੀਕ ਕਰ ਰਹੀਆਂ ਨੇ ਵਿਆਹੁਤਾ ,ਗੁਲਜ਼ਾਰ ਰਣੀਕੇ ਨੇ ਸਰਕਾਰ 'ਤੇ ਚੁੱਕੇ ਸਵਾਲ
9 ਮਹੀਨਿਆਂ ਤੋਂ ਸ਼ਗਨ ਸਕੀਮ ਰਾਸ਼ੀ ਦੀ ਉਡੀਕ ਕਰ ਰਹੀਆਂ ਨੇ ਵਿਆਹੁਤਾ ,ਗੁਲਜ਼ਾਰ ਰਣੀਕੇ ਨੇ ਸਰਕਾਰ 'ਤੇ ਚੁੱਕੇ ਸਵਾਲ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਦੀ ਪਿਛਲੇ 9 ਮਹੀਨਿਆਂ ਤੋਂ ਆਸ਼ੀਰਵਾਦ ਸਕੀਮ ਤਹਿਤ ਦਲਿਤ ਲੜਕੀਆਂ ਨੂੰ ਉਹਨਾਂ ਦੇ ਵਿਆਹ ਮੌਕੇ 'ਸ਼ਗਨ' ਨਾ ਦੇਣ ਵਾਸਤੇ ਸਖ਼ਤ ਝਾੜਝੰਬ ਕਰਦਿਆਂ ਕਿਹਾ ਹੈ ਕਿ ਸੂਬੇ ਅੰਦਰ ਦਲਿਤਾਂ ਦੀ ਭਲਾਈ ਨੂੰ ਲੈ ਕੇ ਕੀਤੀ ਜਾ ਰਹੀ ਅਜਿਹੀ ਲਾਪਰਵਾਹੀ ਕਾਂਗਰਸ ਸਰਕਾਰ ਦੀ ਦਲਿਤ-ਵਿਰੋਧੀ ਮਾਨਸਿਕਤਾ ਨੂੰ ਨੰਗਾ ਕਰਦੀ ਹੈ।ਇੱਥੇ ਪਾਰਟੀ ਦੇ ਮੁੱਖ ਦਫਤਰ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਦਲਿਤ ਵਿਦਿਆਰਥੀਆਂ ਨੂੰ ਦਸਵੀਂ ਤੋਂ ਬਾਅਦ ਮਿਲਣ ਵਾਲੇ ਵਜ਼ੀਫੇ ਨਹੀਂ ਦਿੱਤੇ ਸਨ, ਜਿਸ ਕਰਕੇ ਲੱਖਾਂ ਦੀ ਗਿਣਤੀ ਵਿਚ ਦਲਿਤ ਵਿਦਿਆਰਥੀ ਉੱਚ ਵਿੱਦਿਆ ਲਈ ਸੰਸਥਾਨਾਂ ਵਿਚ ਦਾਖ਼ਲੇ ਨਹੀਂ ਲੈ ਪਾਏ ਸਨ।ਉਹਨਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਵਜ਼ੀਫਿਆਂ ਦੀ ਇਹ ਰਾਸ਼ੀ ਸੂਬਾ ਸਰਕਾਰ ਨੂੰ ਸਮੇਂ ਸਿਰ ਜਾਰੀ ਕਰ ਦਿੱਤੀ ਸੀ ਪਰ ਸਰਕਾਰ ਨੇ ਇਹਨਾਂ ਫੰਡਾਂ ਦੀ ਵਰਤੋਂ ਹੋਰ ਕੰਮਾਂ ਲਈ ਕਰ ਲਈ ਅਤੇ ਇੱਕ ਸਾਜ਼ਿਸ਼ ਤਹਿਤ ਦਲਿਤ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝੇ ਕਰਨ ਲਈ ਵਿੱਦਿਅਕ ਅਦਾਰਿਆਂ ਵਿਚ ਦਾਖ਼ਲੇ ਦੇਣ ਤੋਂ ਇਨਕਾਰ ਕਰ ਦਿੱਤਾ।
ਰਣੀਕੇ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਅਨੁਸੂਚਿਤ ਜਾਤੀਆਂ ਨਾਲ ਵਾਅਦਾ ਕੀਤਾ ਸੀ ਕਿ ਸ਼ਗਨ ਦੀ ਰਾਸ਼ੀ 15 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਰੁਪਏ ਕੀਤੀ ਜਾਵੇਗੀ ਪਰ ਇਸ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦਲਿਤਾਂ ਨਾਲ ਕੀਤੇ ਵਾਅਦੇ ਦੇ ਉਲਟ ਸ਼ਗਨ ਰਾਸ਼ੀ ਵਿਚ ਮਾਮੂਲੀ ਵਾਧਾ ਕਰਦਿਆਂ ਇਸ ਨੂੰ ਸਿਰਫ 21 ਹਜ਼ਾਰ ਰੁਪਏ ਕਰਕੇ ਬੁੱਤਾ ਸਾਰ ਦਿੱਤਾ ਹੈ।ਉਹਨਾਂ ਕਿਹਾ ਕਿ ਦੁੱਖ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲਿ•ਆਂ ਵਿਚ ਪਿਛਲੇ 9 ਮਹੀਨਿਆਂ ਤੋਂ ਲਾਭਪਾਤਰੀਆਂ ਨੂੰ ਸ਼ਗਨ ਦੀ ਰਾਸ਼ੀ ਨਹੀਂ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਇਹ ਰਾਸ਼ੀ ਕੁੜੀਆਂ ਨੂੰ ਵਿਆਹ ਤੋਂ ਬਾਅਦ ਆਪਣਾ ਨਵਾਂ ਘਰ ਬਣਾਉਣ ਵਿਚ ਮਦਦ ਕਰਨ ਵਾਸਤੇ ਦਿੱਤੀ ਜਾਂਦੀ ਹੈ।
ਇਹਨਾਂ ਲੜਕੀਆਂ ਦੀ ਪੀੜ ਸਾਂਝੀ ਕਰਦਿਆਂ ਰਣੀਕੇ ਨੇ ਕਿਹਾ ਕਿ ਇਹ ਲੜਕੀਆਂ ਅਤੇ ਇਹਨਾਂ ਦੇ ਮਾਪੇ ਇਸ ਜ਼ਾਲਮ ਸਰਕਾਰ ਤੋਂ ਪੁੱਛਦੇ ਹਨ ਕਿ ਇਹਨਾਂ ਕੁੜੀਆਂ ਨੂੰ ਸ਼ਗਨ ਵਾਸਤੇ ਕਿੰਨੀ ਦੇਰ ਉਡੀਕ ਕਰਨੀ ਪੈਣੀ ਹੈ।ਪੰਜਾਬ ਵਿਚ ਦਲਿਤਾਂ ਦੀ ਸਭ ਤੋਂ ਸੰਘਣੀ ਆਬਾਦੀ ਹੈ।ਇੱਕ ਮੋਟੇ ਜਿਹੇ ਅੰਦਾਜ਼ੇ ਮੁਤਾਬਿਕ ਇਸ ਸਮੇਂ 50 ਹਜ਼ਾਰ ਤੋਂ ਵੱਧ ਲੜਕੀਆਂ ਆਪਣੇ ਸ਼ਗਨ ਦੀ ਉਡੀਕ ਕਰ ਰਹੀਆਂ ਹਨ ਅਤੇ ਇਹਨਾਂ ਬੇਵਸ ਲੜਕੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।ਰਣੀਕੇ ਨੇ ਕਿਹਾ ਕਿ ਸੂਬਾ ਸਰਕਾਰ ਨੇ ਅੰਤਰ-ਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਵੀ ਅਜੇ ਤੀਕ 51 ਹਜ਼ਾਰ ਰੁਪਏ ਦੀ ਰਾਸ਼ੀ ਦੇਣੀ ਸ਼ੁਰੂ ਨਹੀਂ ਕੀਤੀ ਹੈ, ਜੋ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਸਾਂਝੇ ਰੂਪ ਵਿਚ ਅੱਧੀ ਅੱਧੀ ਵੰਡੀ ਜਾਣੀ ਹੈ। ਅਕਾਲੀ ਆਗੂ ਨੇ ਕਿਹਾ ਕਿ ਸ਼ਗਨ ਸਕੀਮ 1997 ਵਿਚ ਸੱਤਾ ਵਿਚ ਆਉਂਦੇ ਹੀ ਅਕਾਲੀ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸੀ, ਜਿਸ ਉੱਤੇ ਕੈਪਟਨ ਅਮਰਿੰਦਰ ਨੇ ਇਹ ਟਿੱਪਣੀ ਕੀਤੀ ਸੀ ਕਿ ਸਰਕਾਰ ਕੋਈ ਮਾਮਾ ਲੱਗਦੀ ਹੈ ਕਿ ਲੜਕੀਆਂ ਨੂੰ ਸ਼ਗਨ ਪਾ ਕੇ ਆਵੇ।
ਉਹਨਾਂ ਕਿਹਾ ਕਿ ਬੇਸ਼ੱਕ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਦੇ ਦਬਾਅ ਕਰਕੇ ਇਹ ਸਕੀਮ ਜਾਰੀ ਰੱਖੀ ਸੀ ਪਰੰਤੂ ਅਮਰਿੰਦਰ ਸਿੰਘ ਅਜੇ ਤੀਕ ਆਪਣੀ ਮਾਨਸਿਕਤਾ ਨੂੰ ਨਹੀਂ ਬਦਲ ਪਾਇਆ ਹੈ।ਇਹੀ ਵਜ•ਾ ਹੈ ਕਿ ਦਲਿਤਾਂ ਨੂੰ ਸ਼ਗਨ ਜਾਂ ਦੂਜੇ ਲਾਭ ਦੇਣਾ ਕਾਂਗਰਸ ਸਰਕਾਰ ਦੀ ਸਭ ਤੋਂ ਆਖਰੀ ਮਰਜ਼ੀ ਹੁੰਦੀ ਹੈ।
-PTCNews