ਬੇਅਦਬੀਆਂ ਦੇ ਦੋਸ਼ੀਆਂ ਨੁੰ ਗ੍ਰਿਫਤਾਰ ਕਰਨ ਤੇ ਸਜ਼ਾਵਾ ਦੁਆਉਣ 'ਚ ਫੇਲ੍ਹ ਮੁੱਖ ਮੰਤਰੀ ਜਿੰਨਾ ਹੀ ਸਿੱਧੂ ਵੀ ਦੋਸ਼ੀ : ਅਕਾਲੀ ਦਲ
ਚੰਡੀਗੜ੍ਹ, 10 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਦੋਸ਼ੀਆਂ ਨੁੰ ਫੜਨ ਅਤੇ ਸਜ਼ਾਵਾਂ ਦੁਆਉਣ ਵਿਚ ਜਿੰਨਾ ਮੁੱਖ ਮੰਤਰੀ ਫੇਲ੍ਹ ਹੋਏ ਹਨ, ਉਨੇ ਹੀ ਦੋਸ਼ੀ ਸਾਬਕਾ ਮੰਤਰੀ ਨਵਜੋਤ ਸਿੱਧੂ ਵੀ ਹਨ ਅਤੇ ਇਹ ਦੋਵੇਂ ਆਗੂ ਹੁਣ ਕੇਸ ਵਿਚ ਨਿਆਂ ਮਿਲਣਾ ਯਕੀਨੀ ਬਣਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਮਾਮਲੇ ’ਤੇ ਰਾਜਨੀਤੀ ਕਰ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਐਮ ਪੀ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਨਵਜੋਤ ਸਿੱਧੂ ਚਾਰ ਸਾਲ ਲੰਘਣ ਮਗਰੋਂ ਹੁਣ ਬੇਅਦਬੀ ਦਾ ਮੁੱਦਾ ਸਿਰਫ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਵਾਸਤੇ ਚੁੱਕ ਰਹੇ ਹਨ। ਉਹਨਾਂ ਕਿਹਾ ਕਿ ਬੀਤੇ ਚਾਰ ਸਾਲਾਂ ਦੌਰਾਨ ਨਵਜੋਤ ਸਿੱਧੂ ਨੇ ਬੇਅਦਬੀ ਕੇਸਾਂ ਵਿਚ ਨਿਆਂ ਮਿਲਣਾ ਯਕੀਨੀ ਬਣਾਉਣ ਵਾਸਤੇ ਕੁਝ ਵੀ ਨਹੀਂ ਕੀਤਾ ਤੇ ਉਹ ਆਪਣੀ ਅਖੌਤੀ ਭਾਰਤ ਪਾਕਿਸਤਾਨ ਦੋਸਤੀ ਦੀ ਪਹਿਲਕਦਮੀ ਵਿਚ ਹੀ ਰੁੱਝੇ ਰਹੇ। ਉਹਨਾਂ ਕਿਹਾ ਕਿ ਜਿਸ ਤਰੀਕੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਹੇਠਾਂ ਲਾਹੁਣ ਵਾਸਤੇ ਯਕੀਨਨ ਕੰਮ ਕਰ ਰਹੇ ਹਨ, ਜੇਕਰ ਉਹਨਾਂ ਕੀਤਾ ਹੁੰਦਾ ਤਾਂ ਫਿਰ ਹੁਣ ਤੱਕ ਬੇਅਦਬੀ ਕੇਸ ਹੱਲ ਹੋ ਗਏ ਹੁੰਦੇ।
ਭੂੰਦੜ ਨੇ ਕਿਹਾ ਕਿ ਬੇਅਦਬੀ ਕੇਸਾਂ ਵਿਚ ਨਿਆਂ ਹਾਸਲ ਕਰਨਾ ਸਿੱਧ ਦੇ ਦਿਮਾਗ ਵਿਚ ਸਭ ਤੋਂ ਕਿਨਾਰੇ ’ਤੇ ਰਿਹਾ ਤੇ ਕਾਂਗਰਸੀ ਆਗੂ ਹੁਣ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ ਬੇਅਦਬੀ ਦੇ ਮਾਮਲੇ ’ਤੇ ਨਹੀਂ ਸਗੋਂ ਕਾਂਗਰਸੀ ਆਗੂਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਰਨ ਵਾਸਤੇ ਕਰ ਰਹੇ ਹਨ।
Also Read | Amid surge in COVID-19 cases, IPL 2021 postponed
ਉਹਨਾਂ ਕਿਹਾ ਕਿ ਸਿੱਧੂ ਜਾਣਦਾ ਹੈ ਕਿ ਲੋਕ 2022 ਵਿਚ ਉਹਨਾਂ ਨੂੰ ਪੁੱਛਣਗੇ ਕਿ ਵਿਧਾਨ ਸਭਾ ਵਿਚ ਪਵਿੱਤਰ ਸ਼ਹਿਰ ਦੀ ਪ੍ਰਤੀਨਿਧਤਾ ਕਰਨ ਦੇ ਬਾਵਜੂਦ ਉਹਨਾਂ ਨੇ ਬੇਅਬਦੀ ਕੇਸਾਂ ਵਿਚ ਨਿਆਂ ਹਾਸਲ ਕਰਨ ਵਾਸਤੇ ਕੁਝ ਵੀ ਕਿਉਂ ਨਹੀਂ ਕੀਤਾ ਅਤੇ ਇਹੀ ਕਾਰਨ ਹੈ ਕਿ ਉਹ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਬੇਅਦਬੀ ਦਾ ਮਾਮਲਾ ਚੁੱਕ ਰਹੇ ਹਨ।
ਰਾਜ ਸਭਾ ਦੇ ਐਮ ਪੀ ਨੇ ਕਿਹਾ ਕ ਜੇਕਰ ਸਿੱਧੂ ਸੱਚਮੁੱਚ ਹੀ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਸਜ਼ਾ ਦੁਆਉਣ ਦੇ ਹੱਕ ਵਿਚ ਹੁੰਦੇ ਤਾਂ ਫਿਰ ਉਹ ਮਾਮਲਾ ਉਸ ਵੇਲੇ ਚੁੱਕਦੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਮਾਮਲੇ ਦੀ ਜਾਂਚ ਨੂੰ ਅਕਾਲੀ ਦਲ ਦੇ ਖਿਲਾਫ ਬਦਲਾਖੋਰੀ ਦੀ ਕਾਰਵਾਈ ਵਿਚ ਬਦਲ ਦਿੱਤਾ ਜਿਸ ਕਾਰਨ ਦੋਸ਼ੀਆਂ ਨੁੰ ਰਾਹ ਮਿਲ ਗਈ।