ਪਨਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੇ ਖੁੱਦ 'ਤੇ ਛਿੜਕਿਆ ਪੈਟਰੋਲ, ਖੁਦਕੁਸ਼ੀ ਦੀ ਦਿੱਤੀ ਚਿਤਾਵਨੀ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪਨਬੱਸ ਵਿਚ ਆਊਟਸੋਰਸਿੰਗ ਰਾਹੀਂ ਕੀਤੀ ਜਾ ਰਹੀ ਭਰਤੀ ਦੇ ਵਿਰੋਧ ਵਿਚ ਕੱਢੇ ਹੋਏ ਮੁਲਾਜ਼ਮ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਏ ਹਨ। ਇਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਆਊਟਸੋਰਸਿੰਗ ਰਾਹੀਂ ਕੀਤੀ ਜਾ ਰਹੀ ਭਰਤੀ ਦਾ ਚੰਡੀਗੜ੍ਹ ਡਿਪੂ ਵਿਖੇ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਵਿਰੋਧ ਕੀਤਾ ਗਿਆ। ਯੂਨੀਅਨ ਵੱਲੋਂ ਰੋਡ ਬੰਦ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਮਹਿਕਮੇ ਵੱਲੋਂ ਭਰਤੀ ਸ਼ੁਰੂ ਕਰਨ ਉਤੇ ਯੂਨੀਅਨ ਨੇ ਰੋਸ ਵਜੋਂ ਖਰੜ ਵਿਖੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਭਰਤੀ ਬੰਦ ਕਰਨ ਦੀ ਮੰਗ ਕੀਤੀ। ਪਨਬੱਸ ਦੇ ਬੱਸ ਡਿਪੂ ਦੇ ਬਾਹਰ ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਧਰਨਾ ਦਿੱਤਾ। ਪੰਜਾਬ ਦੇ ਪਨਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੱਸ ਦੀ ਛੱਤ ਉੱਤੇ ਖੜ੍ਹੇ ਹੋ ਕੇ, ਖੁਦ ਉੱਤੇ ਪੈਟਰੋਲ ਛਿੜਕਿਆ ਅਤੇ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਆਊਟਸੋਰਸਿੰਗ ਰਾਹੀਂ ਭਰਤੀ ਪ੍ਰਕਿਰਿਆ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ਉੱਤੇ ਕੰਮ ਕਰਨ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਅਤੇ ਠੇਕੇ ਉੱਤੇ ਕੰਮ ਕਰਵਾ ਕੇ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਊਟਸੋਰਸਿੰਗ ਭਰਤੀ ਪ੍ਰਕਿਰਿਆ ਬੰਦ ਨਹੀਂ ਹੋਈ ਤਾਂ ਉਹ ਖੁੱਦ ਉੱਤੇ ਪੈਟਰੋਲ ਛਿੜਕ ਕੇ ਆਤਮਦਾਹ ਕਰਨਗੇ ਅਤੇ ਇਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਇਹ ਵੀ ਪੜ੍ਹੋ:ਅਦਾਲਤ ਵੱਲੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ -PTC News