ਪੀਯੂ ਪ੍ਰਸ਼ਾਸਨ ਵੱਲੋਂ ਧਰਨੇ 'ਤੇ ਬੈਠੇ ਗੈਸਟ ਫੈਕਲਟੀ ਅਧਿਆਪਕਾਂ 'ਤੇ ਕਾਰਵਾਈ ਦੀ ਚਿਤਾਵਨੀ
ਪਟਿਆਲਾ : ਅਕਸਰ ਹੀ ਪੰਜਾਬੀ ਭਾਸ਼ਾ, ਸੱਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਧਰਨੇ ਕੇਂਦਰਾਂ ਦਾ ਬਿੰਦੂ ਬਣ ਕੇ ਰਹਿ ਗਈ ਹੈ ਅਤੇ ਹਰ ਰੋਜ਼ ਅਧਿਆਪਕਾਂ ਤੋਂ ਲੈ ਕੇ ਪ੍ਰੋਫੈਸਰਾਂ ਤਕ ਯੂਨੀਵਰਸਿਟੀ ਵਿੱਚ ਧਰਨੇ ਮੁਜ਼ਾਹਰੇ ਦੇਖਣ ਨੂੰ ਮਿਲ ਰਹੇ ਹਨ। ਇਸ ਦੇ ਚੱਲਦਿਆਂ ਗੈਸਟ ਫੈਕਲਟੀ ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਕਾਫੀ ਮਹੀਨਿਆਂ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਗੈਸਟ ਫੈਕਲਟੀ ਅਧਿਆਪਕਾਂ ਦੇ ਇਸ ਰੋਸ ਪ੍ਰਦਰਸ਼ਨ ਨੂੰ ਸਮਰਥਨ ਦੇਣ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾ ਵਿਦਿਆਰਥੀ ਜਥੇਬੰਦੀਆਂ ਵੀ ਸ਼ਾਮਲ ਹੋਈਆਂ ਉੱਥੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਗੈਸਟ ਫ਼ੈਕਲਟੀ ਅਧਿਆਪਕਾਂ ਦਾ ਵਾਧਾ ਰੋਸ ਦੇਖ ਕੇ ਇਕ ਲੈਟਰ ਜਾਰੀ ਕਰ ਦਿੱਤਾ ਜਿਸ ਵਿਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਗੈਸਟ ਫੈਕਲਟੀ ਅਧਿਆਪਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਧਰਨਾ ਸਮਾਪਤ ਨਾ ਕੀਤਾ ਤਾਂ ਉਨ੍ਹਾਂ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਲੈਟਰ ਦੇ ਬਾਵਜੂਦ ਗੈਸਟ ਫੈਕਲਟੀ ਅਧਿਆਪਕ ਆਪਣੇ ਮੋਰਚੇ ਉਤੇ ਲਗਾਤਾਰ ਡਟੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਉਨ੍ਹਾਂ ਨਾਲ ਧੱਕਾਮੁੱਕੀ ਕਰਦਾ ਤਾਂ ਉਹਦਾ ਠੋਸ ਜਵਾਬ ਦੇਣਗੇ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਉਦੋਂ ਤਕ ਲਗਾਤਾਰ ਇਹ ਧਰਨਾ ਪ੍ਰਦਰਸ਼ਨ ਯੂਨੀਵਰਸਿਟੀ ਵਿਖੇ ਜਾਰੀ ਰਹੇਗਾ। ਇਸ ਗੈਸਟ ਫੈਕਲਟੀ ਯੂਨੀਅਨ ਨੇ ਮੰਗਾਂ ਨਾ ਮੰਨੇ ਜਾਣ ਉਤੇ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਰਿਪੋਰਟ : ਗਗਨਦੀਪ ਆਹੂਜਾ ਪਟਿਆਲਾ ਇਹ ਵੀ ਪੜ੍ਹੋ : ਖੇਡ ਕਿੱਟਾਂ 'ਚ ਹੋਏ ਘੁਟਾਲੇ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਐਕਸ਼ਨ, ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ: ਮੀਤ ਹੇਅਰ