ਬਿਜਲੀ ਖ਼ਰੀਦਣ ਲਈ ਪੀਐਸਪੀਸੀਐਲ ਲਵੇਗਾ 500 ਕਰੋੜ ਦਾ ਕਰਜ਼ਾ
ਪਟਿਆਲਾ : ਸੂਬਾ ਸਰਕਾਰ ਵੱਲੋਂ ਸਬਸਿਡੀ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੂੰ ਵਿੱਤੀ ਸੰਕਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪੀਐਸਪੀਸੀਐਲ ਨੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਖ਼ਰੀਦਣ ਲਈ 500 ਕਰੋੜ ਰੁਪਏ ਦੇ ਵਾਧੂ ਕਰਜ਼ੇ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਕੁੱਲ 20,5000 ਕਰੋੜ ਰੁਪਏ ਦੇ ਸਬਸਿਡੀ ਬਿੱਲ ਜੋ ਕਿ 31 ਮਾਰਚ ਤੱਕ ਅਦਾ ਕੀਤੇ ਜਾਣੇ ਸਨ। ਇਸ 'ਚੋਂ ਲਗਪਗ 7100 ਕਰੋੜ ਰੁਪਏ ਬਕਾਇਆ ਹਨ। 7 ਕਿਲੋਵਾਟ ਤੱਕ ਦੇ ਬਿਜਲੀ ਕੁਨੈਕਸ਼ਨਾਂ ਵਾਲੇ ਖਪਤਕਾਰਾਂ ਲਈ 3 ਰੁਪਏ ਪ੍ਰਤੀ ਯੂਨਿਟ ਦੀ ਦਰ ਘੱਟ ਕੀਤੀ ਗਈ ਸੀ ਜੋਕਿ ਸਬਸਿਡੀ ਬਿੱਲ ਵਿੱਚ ਹੀ ਜੋੜੀ ਗਈ ਹੈ। ਵਿੱਤੀ ਘਾਟੇ ਕਰ ਕੇ ਪੀਐਸਪੀਸੀਐੱਲ ਨੇ 500 ਕਰੋੜ ਰੁਪਏ ਦਾ ਵਾਧੂ ਕਰਜ਼ਾ ਲੈਣ ਦਾ ਫ਼ੈਸਲਾ ਕੀਤਾ ਹੈ ਜਿਸ ਲਈ ਪਹਿਲਾਂ ਹੀ ਵੱਖ-ਵੱਖ ਸਰਕਾਰੀ ਮਾਲਕੀ ਵਾਲੇ ਤੇ ਨਿੱਜੀ ਬੈਂਕਾਂ ਤੇ ਵਿੱਤੀ ਸੰਸਥਾਵਾਂ ਨੂੰ ਪੱਤਰ ਭੇਜਿਆ ਗਿਆ ਹੈ। ਸੂਤਰਾਂ ਅਨੁਸਾਰ ਪੀਐਸਪੀਸੀਐਲ ਕੋਲ ਲਗਪਗ 17000 ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਤੋਂ ਇਲਾਵਾ ਉਦੈ ਸਕੀਮ ਤਹਿਤ ਪੰਜਾਬ ਸਰਕਾਰ ਨੇ ਪੀਐਸਪੀਸੀਐਲ ਦਾ 34000 ਕਰੋੜ ਤੋਂ ਵੱਧ ਦਾ ਕਰਜ਼ਾ ਬਦਲੇ ਬਾਂਡ ਜਾਰੀ ਕੀਤੇ ਸੀ। ਪੀਐਸਪੀਸੀਐੱਲ ਇਨ੍ਹਾਂ ਬਾਂਡ ਦੇ ਬਦਲੇ ਇਕੁਇਟੀ 'ਤੇ ਕੋਈ ਰਿਟਰਨ ਨਹੀਂ ਅਦਾ ਕਰਦਾ ਹੈ ਪਰ ਬਾਕੀ ਕਰਜ਼ੇ ਦੀ ਰਕਮ ਲਈ ਇਹ ਲਗਭਗ 1400 ਕਰੋੜ ਰੁਪਏ ਦਾ ਵਿਆਜ ਅਦਾ ਕਰਦਾ ਹੈ, ਜੋ ਬਿਜਲੀ ਦੀ ਲਾਗਤ ਵਿੱਚ ਜੋੜਿਆ ਜਾਂਦਾ ਹੈ ਅਤੇ ਰਾਜ ਦੇ ਖਪਤਕਾਰਾਂ ਤੋਂ ਵਸੂਲ ਕੀਤਾ ਜਾਂਦਾ ਹੈ। ਸੂਬਾ ਸਰਕਾਰ ਤੇ ਪੀਐਸਪੀਸੀਐਲ ਵੱਲੋਂ ਕੀਤੇ ਜਾ ਰਹੇ ਕਈ ਯਤਨਾਂ ਦੇ ਬਾਵਜੂਦ ਸੂਬੇ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਭੰਡਾਰ ਲਗਾਤਾਰ ਘੱਟਦਾ ਜਾ ਰਿਹਾ ਹੈ। ਜਦੋਂਕਿ ਇਸ ਸਾਲ 1 ਮਾਰਚ ਨੂੰ ਸੂਬੇ ਦੇ ਥਰਮਲਾਂ ਕੋਲ ਔਸਤਨ 12.6 ਦਿਨ ਦਾ ਸਟਾਕ ਸੀ, ਜੋ 6 ਅਪ੍ਰੈਲ ਨੂੰ ਘੱਟ ਕੇ 8.7 ਦਿਨ ਰਹਿ ਗਿਆ ਹੈ। ਲਹਿਰਾ ਵਿੱਚ ਸਟਾਕ 21.1 ਦਿਨਾਂ ਤੋਂ ਘਟ ਕੇ 12.8 ਦਿਨ ਹੋ ਗਿਆ, ਰੋਪੜ ਵਿਖੇ ਇਹ 26.1 ਦਿਨਾਂ ਤੋਂ ਘੱਟ ਕੇ 13.1 ਦਿਨ ਰਹਿ ਗਿਆ। ਪ੍ਰਾਈਵੇਟ ਸੈਕਟਰ ਵਿੱਚ ਗੋਇੰਦਵਾਲ ਵਿੱਚ 5.4 ਦਿਨ ਦਾ ਸਟਾਕ ਸੀ ਜੋ ਹੁਣ ਅੱਧੇ ਦਿਨ ਤੋਂ ਵੀ ਘੱਟ ਰਹਿ ਗਿਆ ਹੈ, ਤਲਵੰਡੀ ਜਿਸ ਵਿੱਚ 1 ਮਾਰਚ ਨੂੰ 1 ਦਿਨ ਦਾ ਸਟਾਕ ਸੀ ਤੇ ਹੁਣ ਅੱਧੇ ਦਿਨ ਦਾ ਸਟਾਕ ਹੈ। ਰਾਜਪੁਰਾ ਵਿਖੇ 7.8 ਦਿਨਾਂ ਤੋਂ 17 ਦਿਨ ਤੱਕ ਦਾ ਸਟਾਕ ਹੈ। ਇਹ ਵੀ ਪੜ੍ਹੋ : ਸ਼ਹਿਨਾਜ ਗਿੱਲ ਨੇ ਬਜ਼ੁਰਗ ਗੁਆਂਢਣਾਂ ਨਾਲ ਗਿੱਧਾ ਤੇ ਬੋਲੀਆਂ ਪਾਈਆਂ