ਪ੍ਰਾਈਵੇਟ ਟੈਕਸੀ ਯੂਨੀਅਨ ਵੱਲੋਂ ਹੱਕੀ ਮੰਗਾਂ ਲਈ ਵਿਧਾਇਕ ਗੋਗੀ ਦੀ ਰਿਹਾਇਸ਼ ਅੱਗੇ ਮੁਜ਼ਾਹਰਾ
ਲੁਧਿਆਣਾ : ਪ੍ਰਾਈਵੇਟ ਟੈਕਸੀ ਯੂਨੀਅਨ ਦੇ ਡਰਾਈਵਰਾਂ ਤੇ ਮਾਲਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲੁਧਿਆਣਾ ਦੇ ਵੈਸਟ ਹਲਕੇ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਟੈਕਸੀ ਯੂਨੀਅਨ ਵੱਲੋਂ ਅੱਜ ਆਪਣੀਆਂ ਹੱਕੀ ਮੰਗਾ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਐਮਐਲਏ ਗੁਰਪ੍ਰੀਤ ਗੋਗੀ ਦੇ ਘਰ ਦਾ ਘਿਰਾਓ ਕੀਤਾ ਗਿਆ ਅਤੇ ਆਪਣੀਆਂ ਮੰਗਾਂ ਵੀ ਦੱਸੀਆਂ। ਇਸ ਦੌਰਾਨ ਟੈਕਸੀ ਯੂਨੀਅਨ ਨੇ ਐਮਐਲਏ ਨੂੰ ਆਪਣੀਆਂ ਟੈਕਸੀਆਂ ਦੀਆਂ ਚਾਬੀਆਂ ਆਫਰ ਕੀਤੀਆਂ, ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੂੰ ਐਮਐਲਏ ਨੇ ਕਾਲ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਦੇ ਸੈਕਟਰੀ ਨੇ ਸਮਾਂ ਦਿੱਤਾ ਹੈ। ਇਸ ਮੌਕੇ ਟੈਕਸੀ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਸਾਡੇ ਕੋਲ ਧਰਨੇ ਲਾਉਣ ਦਾ ਹੱਕ ਹੈ। ਅਸੀਂ ਪਹਿਲਾਂ ਵੀ ਸਾਬਕਾ ਸਰਕਾਰਾਂ ਦੇ ਮੰਤਰੀਆਂ ਦੇ ਘਰ ਦਾ ਘਿਰਾਓ ਕੀਤਾ ਸੀ। ਉਨ੍ਹਾਂ ਕਿਹਾ ਕਿ ਐਮਐਲਏ ਨੇ ਮੀਟਿੰਗ ਦਾ ਭਰੋਸਾ ਦਿੱਤਾ ਹੈ ਤੇ ਅਸੀਂ ਇਸ ਤੇ ਸੰਤੁਸ਼ਟੀ ਜਤਾਉਂਦੇ ਹਨ। ਉਧਰ ਐਮਐਲਏ ਗੋਗੀ ਨੇ ਵੀ ਕਿਹਾ ਕਿ ਅਸੀਂ ਸਪੀਕਰ ਤੇ ਇਨ੍ਹਾ ਦੀ ਗੱਲ ਕਰਵਾਈ ਹੈ ਮੈਂ ਖੁਦ ਵਫ਼ਦ ਲੈਕੇ ਨਾਲ ਜਾਊਂਗਾ ਤੇ ਇਨ੍ਹਾਂ ਦੀਆਂ ਮੰਗਾਂ ਸਰਕਾਰ ਤਕ ਪਹੁੰਚਾਈਆਂ ਜਾਣਗੀਆਂ। ਪੰਜਾਬ ਭਰ ਦੇ ਟੈਕਸੀ ਚਾਲਕਾਂ ਵੱਲੋਂ ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਲੜੀ ਹੇਠ ਲੁਧਿਆਣਾ ਦੇ ਟੈਕਸੀ ਚਾਲਕਾਂ ਵੱਲੋਂ ਬੀਤੇ ਦਿਨੀਂ ਆਰ.ਟੀ.ਏ ਲੁਧਿਆਣਾ ਨੂੰ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਦਿੱਤਾ ਗਿਆ ਸੀ। ਉਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਦੀ ਮੰਗ ਕੀਤੀ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਜੇ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਸਖ਼ਤ ਸੰਘਰਸ਼ ਵਿੱਢਿਆ ਜਾਵੇਗਾ। ਇਹ ਵੀ ਪੜ੍ਹੋ : ਹਿਮਾਚਲ 'ਚ ਇਕ ਵਾਰ ਫਿਰ ਜ਼ਮੀਨ ਖਿਸਕਣ ਦੀ ਘਟਨਾ, ਕਈ ਰਸਤੇ ਹੋਏ ਬੰਦ, ਪੜ੍ਹੋ ਪੂਰੀ ਸੂਚੀ ਕੀ ਨੇ ਮੰਗਾਂ 1.ਮੋਟਰ ਵਹੀਕਲਜ਼ ਟੈਕਸਟੇਸ਼ਨ ਐਕਟ 1924 ਸਬੰਧੀ ਟੈਕਸੇਸ਼ਨ ਸੋਧ ਬਿਲ 2021 ਜੋ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ, ਰੱਦ ਕਰੋ । 2. ਕੋਰੋਨਾ ਕਾਲ ਦੇ ਦੌਰਾਨ ਸਟੇਟ ਟਰਾਂਸਪੋਰਟ ਕਮਿਸ਼ਨਰ ਡਾਕਟਰ ਅਮਰਪਾਲ ਸਿੰਘ ਨੇ 138 ਕਰੋੜ ਰੁਪਏ ਸਟੇਜ ਕੈਰਜ ਬੱਸਾਂ, ਸਕੂਲ ਕਾਲਜ ਬੱਸਾਂ ਨੂੰ ਛੱਡ ਦਿੱਤਾ ਪਰ ਆਲ ਇੰਡੀਆ ਟੂਰਿਸਟ ਪਰਮਿਟ ਬੱਸਾਂ ਅਤੇ ਟੈਕਸੀਆਂ(PB 01) ਦਾ ਟੈਕਸ ਮੁਆਫ਼ ਨਹੀਂ ਕੀਤਾ ਗਿਆ ਸੀ, ਉਸ ਸਬੰਧੀ ਦੁਬਾਰਾ ਵਿਚਾਰ ਕਰਦੇ ਹੋਏ ਟੂਰਿਸਟ/ਟੈਕਸੀ ਗੱਡੀਆਂ ਦਾ ਉਸ ਸਮੇਂ ਦਾ ਬਣਦਾ ਟੈਕਸ ਵੀ ਮੁਆਫ ਕੀਤਾ ਜਾਵੇ। 3.ਪੰਜਾਬ ਰਾਜ ਵਿੱਚ ਐਗਰੀਗੇਟਰ ਪਾਲਸੀ ਜੋ ਕਿ ਟਰਾਂਸਪੋਰਟ ਵਿਭਾਗ ਕੋਲ ਪੈਂਡਿੰਗ ਹੈ, ਲਾਗੂ ਕਰੋ ਤਾਂ ਜੋ ਓਲਾ, ਓਬੇਰ, ਇਨਡਰਾਈਵ, ਵਰਗੀਆਂ ਕੰਪਨੀਆਂ ਤੇ ਨਕੇਲ ਪਾਈ ਜਾ ਸਕੇ ਜਿਸ ਨਾਲ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਇਹਨਾਂ ਕੰਪਨੀਆਂ ਤੋਂ ਰੈਵੇਨਿਊ ਆਵੇ। 4. ਨਾਜਾਇਜ਼ ਟੈਕਸੀ ਸਟੈਂਡ ਜੋ ਪੂਰੇ ਪੰਜਾਬ ਦੇ ਸ਼ਹਿਰਾਂ ਕਸਬਿਆਂ ਵਿੱਚ ਬਣੇ ਹੋਏ ਹਨ ਅਤੇ ਉੱਥੇ ਟੈਕਸ ਚੋਰੀ ਕਰਨ ਵਾਲੀਆਂ ਪ੍ਰਈਵੇਟ ਗੱਡੀਆਂ ਸਰਕਾਰ ਦਾ ਟੈਕਸ ਚੋਰੀ ਕਰਕੇ ਬਿਨਾਂ ਪਰਮਿਟ ਸਵਾਰੀਆਂ ਚੁੱਕਦੀਆਂ ਹਨ। ਉਨ੍ਹਾਂ ਉਤੇ ਰੋਕ ਲਗਾ ਕੇ ਸਮੂਹ ਡੀਸੀ DC ਸਾਹਿਬਾਨ ਵੱਲੋਂ ਪੰਜਾਬ ਮੋਟਰ ਵਹੀਕਲ ਰੂਲਜ਼ 1989 ਦੇ ਰੂਲ 197 ਤਹਿਤ ਲੀਗਲ ਟੈਕਸੀ ਸਟੈਂਡ ਸਥਾਪਤ ਕੀਤੇ ਜਾਣ ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਦੇ ਨਾਲ ਨਾਲ ਪਰਮਿਟ ਤੇ ਟੈਕਸ ਭਰਨ ਵਾਲੀਆਂ ਗੱਡੀਆਂ ਕੋਲੋਂ ਸਰਕਾਰ ਨੂੰ ਰੈਵੇਨਿਊ ਆਵੇਗਾ ਤੇ ਨਾਜਾਇਜ਼ ਟੈਕਸੀ ਸਟੈਂਡਾਂ ਤੋਂ ਟ੍ਰੈਫਿਕ ਪੁਲਿਸ ਦੀ ਰਿਸ਼ਵਤ ਉਗਰਾਹੀ ਵੀ ਬੰਦ ਹੋ ਜਾਵੇਗੀ। ਸੋ ਅਣਅਧਿਕਾਰਿਤ ਟੈਕਸੀ ਸਟੈਂਡ ਬੰਦ ਕਰੋ ਤੇ ਓਡੀਸ਼ਾ ਸਰਕਾਰ ਦੀ ਨੋਟੀਫਿਕੇਸ਼ਨ ਨੰਬਰ ਦੀ ਤਰ੍ਹਾਂ ਪੰਜਾਬ ਵਿਚ ਵੀ ਬਿਨਾਂ ਟੈਕਸ ਪਰਮਿਟ ਵਾਲੀ ਟੈਕਸੀ ਹਾਇਰ ਕਰਨ ਵਾਲੇ ਨੂੰ ਸਜ਼ਾ ਜੁਰਮਾਨੇ ਦੀ ਵਿਵਸਥਾ ਕਰਕੇ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। -PTC News