ਗਾਰਡੀਅਨਜ਼ ਆਫ਼ ਗਵਰਨੈਂਸ ਦੇ ਵਰਕਰਜ਼ ਵਲੋਂ 'ਆਪ' ਖ਼ਿਲਾਫ਼ ਰੋਸ ਮੁਜ਼ਾਹਰਾ
ਬਠਿੰਡਾ, 10 ਅਕਤੂਬਰ: ਅੱਜ ਪੰਜਾਬ ਭਰ ਵਿੱਚ ਗਾਰਡੀਅਨਜ਼ ਆਫ਼ ਗਵਰਨੈਂਸ (ਜੀ.ਓ.ਜੀ) ਦੇ ਵਰਕਰਜ਼ ਸੜਕਾਂ 'ਤੇ ਉਤਰ ਆਏ ਹਨ। ਦਰਅਸਲ 2017 ਵਿੱਚ ਕੈਪਟਨ ਸਰਕਾਰ ਨੇ ਖੁਸ਼ਹਾਲੀ ਸਕੀਮ ਤਹਿਤ ਇਨਹਾਂ ਨੂੰ ਮਾਮੂਲੀ ਮਾਣ ਭੱਤੇ ’ਤੇ ਡਿਊਟੀ ’ਤੇ ਲਾਇਆ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਬਜ਼ ਹੁੰਦੀਆਂ ਹੀ ਇਨਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਜੀ.ਓ.ਜੀ. ਦੇ ਵਰਕਰਜ਼ ਪੰਚਾਇਤਾਂ ਤੋਂ ਲੈ ਕੇ ਦਾਣਾ ਮੰਡੀ ਅਤੇ ਆਂਗਣਵਾੜੀਆਂ ਅਤੇ ਰਾਸ਼ਨ ਡਿਪੂਆਂ ਦੀ ਚੈਕਿੰਗ ਕਰਦੇ ਸਨ। ਜਿਨ੍ਹਾਂ ਵਲੋਂ ਇਨਹਾਂ ਥਾਵਾਂ 'ਤੇ ਪਾਈ ਗਈ ਕਮੀ ਦੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਜਾਂਦੀ ਸੀ। ਅੱਜ ਜੀ.ਓ.ਜੀ ਸਕੀਮ ਤਹਿਤ ਨਿਯੁਕਤ ਸਾਬਕਾ ਸੈਨਿਕਾਂ ਨੇ ਬਠਿੰਡਾ ਦੀਆਂ ਸੜਕਾਂ 'ਤੇ ਮੋਟਰਸਾਈਕਲ ਰੈਲੀ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜੀ.ਓ.ਜੀ ਸਕੀਮ ਤਹਿਤ ਕੈਪਟਨ ਸਰਕਾਰ ਵੱਲੋਂ ਖੁਸ਼ਹਾਲੀ ਦੀ ਰਾਖੀ ਸਕੀਮ ਤਹਿਤ ਮੁੜ ਰੁਜ਼ਗਾਰ ਦਿੱਤਾ ਗਿਆ ਸੀ। ਉਹ ਥੋੜ੍ਹਾ-ਥੋੜ੍ਹਾ ਮਾਣ ਭੱਤਾ ਲੈਂਦੇ ਅਤੇ ਦਾਣਾ ਮੰਡੀਆਂ 'ਚ ਲਿਫਟਿੰਗ ਦਾ ਪ੍ਰਬੰਧ ਸੰਭਾਲਣ ਦੀ ਡਿਊਟੀ ਨਿਭਾਉਂਦੇ। ਦਾਣਾ ਮੰਡੀ ਵਿੱਚ ਕੰਡਿਆਂ ਦੀ ਜਾਂਚ ਕਰਦੇ, ਆਂਗਣਵਾੜੀ ਦੀ ਦੇਖ-ਭਾਲ ਕਰਦੇ ਅਤੇ ਉਨ੍ਹਾਂ ਸਕੂਲਾਂ ਦੀ ਜਾਂਚ ਕਰਦੇ ਜਿੱਥੇ ਸਰਕਾਰ ਦਾ ਕੰਮ (ਪ੍ਰੋਜੈਕਟ) ਚੱਲ ਰਿਹਾ ਹੁੰਦਾ। ਜੇਕਰ ਇਸ ਵਿੱਚ ਕੋਈ ਕੁਤਾਹੀ ਹੁੰਦੀ ਤਾਂ ਉਹ ਸਰਕਾਰ ਨੂੰ ਰਿਪੋਰਟ ਬਣਾ ਕੇ ਭੇਜ ਦਿੰਦੇ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦਿਆਂ ਹੀ ਇਨਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਘੱਟ ਪੈਸਿਆਂ 'ਤੇ ਕੰਮ ਕਰਨ 'ਤੇ ਵੀ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਪੰਜਾਬ 'ਚ 4300 ਦੇ ਕਰੀਬ ਜੀ.ਓ.ਜੀ. ਹਨ ਜਿਨ੍ਹਾਂ ਵਲੋਂ ਸੂਬੇ ਪੱਧਰ 'ਤੇ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
-PTC News