ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਏਰੀਏ 'ਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠ 'ਤੇ ਪਾਬੰਦੀ
ਐਸ.ਏ.ਐਸ.ਨਗਰ: ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਜ਼ਿਲ੍ਹੇ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੀ ਹਦੂਦ ਅੰਦਰ ਨਿਯਤ ਕੀਤੇ ਗਏ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਏਰੀਏ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ, ਮੀਟਿੰਗ ਕਰਨ, ਨਾਹਰੇ ਲਾਉਣ, ਵਿਖਾਵਾ ਕਰਨ ਆਦਿ ਤੇ ਪੂਰਨ ਤੌਰ ਤੇ ਪਾਬੰਦੀ ਲਾਉਂਦੇ ਹੋਏ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਹੁਕਮ ਪੈਰਾ ਮਿਲਟਰੀ ਫੋਰਸ, ਮਿਲਟਰੀ ਫੋਰਸ ਅਤੇ ਸਰਕਾਰੀ ਡਿਊਟੀ ਤੇ ਤਾਇਨਾਤ ਅਧਿਕਾਰੀ/ਕਰਮਚਾਰੀ, ਧਾਰਮਿਕ ਰਸਮਾਂ, ਸ਼ਾਦੀਆਂ, ਸਰਕਾਰੀ ਫੰਕਸ਼ਨਾਂ ਅਤੇ ਮ੍ਰਿਤਕਾਂ ਦੇ ਸੰਸਕਾਰ ਕਰਨ ਸਬੰਧੀ ਹੋਣ ਵਾਲੇ ਇੱਕਠ ਤੇ ਲਾਗੂ ਨਹੀਂ ਹੋਵੇਗਾ।ਉਨ੍ਹਾਂ ਦੱਸਿਆ ਕਿ ਇਹ ਹੁਕਮ ਮਿਤੀ 20-02-2022 ਨੂੰ ਚੋਣਾਂ ਵਾਲੇ ਦਿਨ ਲਈ ਜ਼ਿਲ੍ਹੇ ਦੀ ਹਦੂਦ ਅੰਦਰ ਤੁਰੰਤ ਅਸਰ ਨਾਲ ਲਾਗੂ ਹੋਵੇਗਾ। ਜਿ਼ਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 20 ਫਰਵਰੀ, 2022 (ਐਤਵਾਰ) ਨੂੰ ਸਵੇਰੇ 08.00 ਵਜੇ ਤੋਂ ਸ਼ਾਮ 06.00 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ, 2022 ਵੀਰਵਾਰ ਨੂੰ ਹੋਵੇਗੀ। ਇਹ ਵੀ ਪੜ੍ਹੋ:ਰਾਹੁਲ ਗਾਂਧੀ ਨੇ ਕੇਜਰੀਵਾਲ ਤੇ ਭਾਜਪਾ 'ਤੇ ਕੱਸੇ ਤੰਜ, ਕਿਹਾ-ਮੁਹੱਲਾ ਕਲੀਨਕ ਹੋਏ ਫੇਲ -PTC News