ਗੁਰੂ ਨਾਨਕ ਹਸਪਤਾਲ 'ਚੋਂ ਕੈਦੀ ਫ਼ਰਾਰ, 3 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ
ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਇਕ ਕੈਦੀ ਭੱਜਣ ਵਿਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਫ਼ਰਾਰ ਹੋਏ ਕੈਦੀ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਕੈਦੀ ਤੇ ਉਸ ਨਾਲ ਆਏ ਤਿੰਨ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵੀ ਥਾਣਾ ਮਜੀਠਾ ਰੋਡ ਵਿਚ ਕੇਸ ਦਰਜ ਕਰ ਲਿਆ ਹੈ। ਹਸਪਤਾਲ ਤੋਂ ਫ਼ਰਾਰ ਹੋਏ ਕੈਦੀ ਦੀ ਪਛਾਣ ਕਰਨਦੀਪ ਸਿੰਘ ਵਾਸੀ ਚੀਮਾ ਬਾਠ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਨੇ ਕਰਨਦੀਪ ਖ਼ਿਲਾਫ਼ ਆਈਪੀਸੀ 379 ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕਰਨਦੀਪ ਨੂੰ ਰਾਤ ਨੂੰ ਗੁਰੂ ਨਾਨਕ ਹਸਪਤਾਲ ਲਿਆਂਦਾ ਗਿਆ ਸੀ। ਜਦੋਂ ਉਸਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਬੇਹੋਸ਼ ਸੀ। ਡਾਕਟਰਾਂ ਨੇ ਜੇਲ੍ਹ ਵਿਚ ਉਸ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਜੀਐਨਡੀਐਚ ਰੈਫ਼ਰ ਕਰ ਦਿੱਤਾ। ਡਾਕਟਰਾਂ ਨੇ ਉਸਨੂੰ ਹਸਪਤਾਲ ਦੇ ਮੈਡੀਸਨ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਸੀ। ਜੇਲ੍ਹ ਪ੍ਰਸ਼ਾਸਨ ਨੇ ਕਰਨਦੀਪ ਸਿੰਘ ਦੇ ਨਾਲ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਭੇਜਿਆ ਸੀ ਪਰ ਉਹ ਉਕਤ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇਣ ਵਿੱਚ ਕਾਮਯਾਬ ਹੋ ਗਿਆ। ਕਰਨਦੀਪ ਨੇ ਸਿਹਤ ਖ਼ਰਾਬ ਹੋਣ ਦੀ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਨਾਲ ਆਏ ਸੁਰੱਖਿਆ ਮੁਲਾਜ਼ਮ ਉਸ ਦੇ ਜਾਲ ਵਿਚ ਫਸ ਗਏ। ਜਦੋਂ ਸਾਰੇ ਪੁਲਿਸ ਮੁਲਾਜ਼ਮ ਡਾਕਟਰਾਂ ਨੂੰ ਲੈਣ ਲਈ ਭੱਜੇ ਤਾਂ ਕਰਨਦੀਪ ਹਸਪਤਾਲ ਤੋਂ ਭੱਜਣ 'ਚ ਕਾਮਯਾਬ ਹੋ ਗਿਆ। ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ 'ਤੇ ਡਰੋਨ ਰਾਹੀਂ ਹੈਰੋਇਨ ਦੀ ਖੇਪ, ਪਿਸਤੌਲ ਤੇ ਕਾਰਤੂਸ ਸੁੱਟੇ ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਅੱਤਵਾਦੀ ਆਸ਼ੀਸ਼ ਮਸੀਹ ਪੁਲਿਸ ਨੂੰ ਚਕਮਾ ਦੇ ਕੇ ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਤੋਂ ਫ਼ਰਾਰ ਹੋ ਗਿਆ ਸੀ। ਉਹ 9 ਮਹੀਨੇ ਪਹਿਲਾਂ ਗੁਰਦਾਸਪੁਰ ਦੇ ਦੀਨਾਨਗਰ ਤੋਂ ਮਿਲੇ ਆਰਡੀਐਕਸ ਅਤੇ ਹੈਂਡ ਗ੍ਰੇਨੇਡ ਦੇ ਮਾਮਲੇ ਵਿੱਚ ਫੜਿਆ ਗਿਆ ਸੀ। ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਪਾਏ ਗਏ ਆਸ਼ੀਸ਼ ਨੂੰ ਵੀ ਬਿਮਾਰ ਹੋਣ ਦੇ ਬਹਾਨੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਪਰ ਉਹ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਹਾਲਾਂਕਿ ਪੰਜ ਦਿਨਾਂ ਦੇ ਅੰਦਰ ਹੀ ਮੁਲਜ਼ਮ ਨੂੰ ਫਿਰ ਤੋਂ ਪੁਲਿਸ ਨੇ ਫੜ ਲਿਆ। -PTC News