ਪ੍ਰੀ-ਮਾਨਸੂਨ ਨੇ ਦਿੱਤੀ ਦਸਤਕ,ਪੰਜਾਬ 'ਚ ਅਗਲੇ 48 ਘੰਟਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ
ਪ੍ਰੀ-ਮਾਨਸੂਨ ਨੇ ਦਿੱਤੀ ਦਸਤਕ,ਪੰਜਾਬ 'ਚ ਅਗਲੇ 48 ਘੰਟਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ:ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਦੇ ਵਿੱਚ ਮੌਸਮ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਗਿਆ ਹੈ।ਜਿਸ ਕਰਕੇ ਮੌਸਮ ਨੇ ਆਪਣਾ ਰੰਗ ਬਦਲਿਆ ਹੈ।ਪਿਛਲੇ ਹਫਤੇ ਤੋਂ ਪੰਜਾਬ ਅੰਦਰ ਅੱਤ ਦੀ ਗਰਮੀ ਪੈ ਰਹੀ ਸੀ ਪਰ ਇਸ ਹਫ਼ਤੇ ਪੂਰੇ ਭਾਰਤ ਵਿੱਚ ਮਾਨਸੂਨ ਦਾ ਅਸਰ ਵੇਖਣ ਨੂੰ ਮਿਲਣ ਵਾਲਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਵੱਲੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਦੇਸ਼ ਦੇ 25 ਫ਼ੀਸਦੀ ਹਿੱਸਿਆਂ ਵਿੱਚ ਆਮ ਜਾਂ ਆਮ ਨਾਲੋਂ ਵੱਧ ਮੀਂਹ ਪੈ ਸਕਦਾ।ਇਸ ਸਮੇਂ ਉੱਤਰੀ ਤੇ ਮੱਧ ਭਾਰਤ ਵਿੱਚ ਵਧ ਰਹੀ ਗਰਮੀ ਤੋਂ ਛੇਤੀ ਹੀ ਰਾਹਤ ਮਿਲੇਗੀ।
ਮੌਸਮ ਵਿਭਾਗ ਮੁਤਾਬਕ ਮਾਨਸੂਨ ਦੇ ਮੁੜ ਸੁਰਜੀਤ ਹੋਣ ’ਤੇ 27 ਜੂਨ ਮਗਰੋਂ ਪੰਜਾਬ ਵਿੱਚ ਪ੍ਰੀ-ਮਾਨਸੂਨ ਹਲਚਲ ਤੇਜ਼ ਹੋਏਗੀ।ਇਸ ਦੌਰਾਨ ਹਲ਼ਕੀ ਤੇ ਦਰਮਿਆਨੀ ਬਾਰਸ਼ ਹੋ ਸਕਦੀ ਹੈ।ਜੇਕਰ ਇਸ ਤਰ੍ਹਾਂ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਫ਼ਿਰ ਮਾਨਸੂਨ ਦੀ ਸ਼ੁਰੂਆਤ ਹੋਵੇਗੀ।ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਸਾਲ ਸੂਬੇ ਵਿੱਚ ਜੁਲਾਈ ਵਿੱਚ ਹੀ ਮਾਨਸੂਨ ਆ ਜਾਏਗਾ।
ਪੰਜਾਬ,ਹਰਿਆਣਾ ਅਤੇ ਪੂਰੇ ਉੱਤਰੀ ਭਾਰਤ ਵਿੱਚ ਆਉਂਦੇ 48 ਘੰਟਿਆਂ ਵਿੱਚ ਮਾਨਸੂਨ ਦੀ ਮਿਹਰ ਹੋ ਜਾਵੇਗੀ।ਮੌਸਮ ਵਿਭਾਗ ਮੁਤਾਬਕ 27 ਜੂਨ ਤੋਂ ਉੱਤਰ ਭਾਰਤੀ ਮੈਦਾਨਾਂ ਵਿੱਚ ਮਾਨਸੂਨ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦੇਵੇਗੀ।ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਮੁਤਾਬਕ ਅੱਜ ਰਾਤ ਮਾਲਵਾ,ਦੋਆਵਾ ਦੇ ਬਠਿੰਡਾ,ਫਿਰੋਜ਼ਪੁਰ,ਫਾਜ਼ਿਲਕਾ,ਫ਼ਰੀਦਕੋਟ,ਅੰਮ੍ਰਿਤਸਰ ਦੇ ਇਨ੍ਹਾਂ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ।ਇਸ ਤੋਂ ਬਾਅਦ ਅਗਲੇ 48 ਘੰਟਿਆਂ 'ਚ ਸਾਰੇ ਪੰਜਾਬ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਜੇਕਰ ਪੰਜਾਬ ਦੇ ਅੰਦਰ ਮੀਂਹ ਪੈਂਦਾ ਹੈ ਤਾਂ ਇਸ ਨਾਲ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ ,ਕਿਉਂਕਿ ਝੋਨੇ ਦੇ ਲਈ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ।ਪੰਜਾਬ ਦੇ ਵਿੱਚ ਅਜੇ ਝੋਨੇ ਦੀ ਬਿਜਾਈ ਚੱਲ ਰਹੀ ਹੈ।ਪੰਜਾਬ ਦੇ ਕਿਸਾਨਾਂ ਨੂੰ ਝੋਨਾ ਲਗਾਉਣ ਦੇ ਲਈ ਪੂਰੀ ਬਿਜਲੀ ਵੀ ਨਹੀਂ ਮਿਲਦੀ,ਜਿਸ ਕਰਕੇ ਮੀਂਹ ਦੇ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਮਿਲ ਸਕਦੀ ਹੈ।ਇਸ ਤੋਂ ਇਲਾਵਾ ਨਰਮਾ ਪੱਟੀ ਦੇ ਕਿਸਾਨਾਂ ਨੂੰ ਵੀ ਇਸ ਮੀਂਹ ਦੇ ਨਾਲ ਰਾਹਤ ਮਿਲੇਗੀ।
-PTCNews