Thu, Nov 14, 2024
Whatsapp

ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਦਾ ਪ੍ਰਕਾਸ਼ ਪੁਰਬ

Reported by:  PTC News Desk  Edited by:  Pardeep Singh -- February 14th 2022 12:17 PM -- Updated: February 14th 2022 12:31 PM
ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਦਾ ਪ੍ਰਕਾਸ਼ ਪੁਰਬ

ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਦਾ ਪ੍ਰਕਾਸ਼ ਪੁਰਬ

ਚੰਡੀਗੜ੍ਹ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਜਨਮ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਸੰਨ 1630 ਨੂੰ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਹੋਇਆ। ਬਾਬਾ ਗੁਰਦਿੱਤਾ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਪੁੱਤਰ ਸਨ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਰਿਸ਼ਤੇ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਲੱਗਦੇ ਸਨ। ਗੁਰੂ ਹਰਿ ਰਾਇ ਸਾਹਿਬ ਸਿੱਖਾਂ ਦੇ ਸੱਤਵੇ ਗੁਰੂ ਸਨ। ਗੁਰੂ ਜੀ ਨੇ ਆਪਣੇ ਜੀਵਨ ਦੇ ਮੁੱਢਲੇ 14 ਸਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਗੁਰਮਤਿ ਦੀ ਵਿੱਦਿਆ ਹਾਸਿਲ ਕੀਤੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਉਨ੍ਹਾਂ ਦੀ ਪੜ੍ਹਾਈ ਲਿਖਾਈ, ਗੁਰਮਤਿ ਵਿੱਦਿਆ, ਸ਼ਸਤਰ ਵਿੱਦਿਆ ਅਤੇ ਘੌੜ ਸਵਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਸੀ। ਸ੍ਰੀ ਗੁਰੂ ਹਰਿ ਰਾਇ ਜੀ ਬਹੁਤ ਛੋਟੀ ਉਮਰ ਵਿੱਚ ਉਹ ਹਰ ਕਲਾ ਵਿੱਚ ਸੰਪੂਰਨ ਹੋ ਗਏ ਸਨ। ਗੁਰੂ ਹਰਿ ਰਾਏ ਜੀ ਦਾ ਵਿਆਹ 1640 ਈਸਵੀ ਨੂੰ ਮਾਤਾ ਕ੍ਰਿਸ਼ਨ ਕੌਰ ਨਾਲ ਹੋਇਆ। ਗੁਰੂ ਜੀ ਦੇ ਘਰ ਦੋ ਪੁੱਤਰ ਰਾਮ ਰਾਏ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੋਏ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪੋਤਰੇ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਗੁਰੂ ਹਰਿ ਰਾਏ ਸਾਹਿਬ ਜੀ ਸੰਗਤ ਨੂੰ ਇੱਕ ਅਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਕਰਨ, ਗੁਰਬਾਣੀ ਦੇ ਮੁਤਾਬਿਕ ਜੀਵਨ ਬਣਾਉਣ ਅਤੇ ਕਿਰਤ ਕਰਨ ਦੀ ਪ੍ਰੇਰਣਾ ਦਿੰਦੇ ਸਨ। ਇੱਕ ਵਾਰ ਜਦੋਂ ਭਾਈ ਨੰਦ ਲਾਲ ਪੁਰੀ ਅਤੇ ਉਨ੍ਹਾਂ ਦੇ ਪੋਤਰੇ ਭਾਈ ਹਕੀਕਤ ਰਾਏ ਗੁਰੂ ਜੀ ਨੂੰ ਮਿਲਣ ਲਈ ਆਏ ਅਤੇ ਉਨ੍ਹਾਂ ਨੇ ਉਪਦੇਸ਼ ਮੰਗਿਆ ਤਾਂ ਗੁਰੂ ਜੀ ਨੇ ਉਪਦੇਸ਼ ਦਿੰਦਿਆਂ ਤਿੰਨ ਗੱਲਾਂ ਦੀ ਮਨਾਹੀ ਕੀਤੀ...ਪਹਿਲੀ ਟੋਪੀ ਪਹਿਨਣ ਤੋਂ ਮਨਾਹੀ, ਨਸ਼ੇ ਤੋਂ ਮਨਾਹੀ ਅਤੇ ਕੇਸ ਕਤਲ ਕਰਵਾਉਣ ਦੀ ਮਨਾਹੀ। ਜਿਸ ਨੂੰ ਉਨ੍ਹਾਂ ਨੇ ਸਾਰੇ ਜੀਵਨ ਲਈ ਪੱਲੇ ਬੰਨ ਲਿਆ। ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆ ਸਨ ਅਤੇ ਫ਼ੌਜਾਂ ਤਿਆਰ ਕਰਕੇ ਮੁਗਲ ਸਲਤਨਤ ਦੇ ਨਾਲ ਚਾਰ ਜੰਗਾਂ ਲੜੀਆਂ ਸਨ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਸਮੇਂ ਭਾਵੇਂ ਜੰਗਾਂ ਤਾਂ ਨਹੀਂ ਹੋਈਆਂ ਪਰ ਇਤਿਹਾਸ ਗਵਾਹ ਹੈ ਕਿ 2200 ਘੁੜ ਸਵਾਰ ਉਨ੍ਹਾਂ ਦੇ ਨਾਲ ਹਮੇਸ਼ਾ ਤਿਆਰ ਬਰ ਤਿਆਰ ਹੁੰਦੇ ਸਨ ਤਾਂ ਕਿ ਜੇ ਕਿਤੇ ਲੋੜ ਪੈ ਜਾਵੇ ਤਾਂ ਦੁਸ਼ਮਣ ਫ਼ੌਜਾਂ ਦੇ ਨਾਲ ਦੋ-ਦੋ ਹੱਥ ਕੀਤੇ ਜਾ ਸਕਣ। ਗੁਰੂ ਹਰਿ ਰਾਇ ਸਾਹਿਬ ਜੀ ਦੇ ਸਮੇਂ ਗੁਰੂ ਘਰ ਦਾ ਦਵਾਖਾਨਾ ਵੀ ਬਹੁਤ ਮਸ਼ਹੂਰ ਸੀ। ਜਦੋਂ ਔਰੰਗਜ਼ੇਬ ਨੇ ਆਪਣੇ ਸਕੇ ਭਰਾ ਦਾਰਾ ਸ਼ਿਕੋਹ ਨੂੰ ਆਪਣੇ ਰਾਹ ਤੋਂ ਹਟਾਉਣ ਵਾਸਤੇ ਸ਼ੇਰ ਦੀ ਮੁੱਛ ਦਾ ਵਾਲ਼ ਭੋਜਨ ਵਿੱਚ ਪਾ ਕੇ ਖਵਾ ਦਿੱਤਾ ਸੀ ਤਾਂ ਦਾਰਾ ਸ਼ਿਕੋਹ ਬੇਹਦ ਜ਼ਿਆਦਾ ਬੀਮਾਰ ਹੋ ਗਿਆ ਸੀ। ਇਤਿਹਾਸਕਾਰ ਲਿਖਦੇ ਹਨ ਕਿ ਉਸ ਸਮੇਂ ਦਵਾਈ ਬਣਾਉਣ ਲਈ ਵਿਸ਼ੇਸ਼ ਤੌਰ ਤੇ ਹਰੜਾਂ ਦੀ ਲੋੜ ਸੀ ਜੋ ਕਿਸੇ ਵੀ ਥਾਂ ਤੋਂ ਨਹੀਂ ਮਿਲ ਰਿਹਾ ਸੀ। ਇਤਿਹਾਸਕਾਰ ਲਿਖਦੇ ਹਨ ਕਿ ਅਖੀਰ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਗੁਰੂ ਹਰਿ ਰਾਇ ਸਾਹਿਬ ਜੀ ਦੇ ਦਵਾਖਾਨੇ ਵਿੱਚ ਪਹੁੰਚੇ ਤਾਂ ਇੱਥੋਂ ਉਨ੍ਹਾਂ ਨੂੰ ਹਰੜਾਂ ਪ੍ਰਾਪਤ ਹੋਈਆਂ। ਜਿਸ ਤੋਂ ਬਾਅਦ ਦਾਰਾ ਸ਼ਿਕੋਹ ਠੀਕ ਹੋ ਗਏ ਅਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਲਈ ਉਹ ਕੀਰਤਪੁਰ ਸਾਹਿਬ ਵਿਖੇ ਆਏ ਸਨ। ਇਹ ਵੀ ਪੜ੍ਹੋ:ਚਰਨਜੀਤ ਚੰਨੀ ਨੇ ਕੇਜਰੀਵਾਲ ਨੂੰ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ -PTC News


Top News view more...

Latest News view more...

PTC NETWORK