ਸੁਖਨਾ ਝੀਲ 'ਤੇ ਏਅਰ ਸ਼ੋਅ ਦਾ ਅਭਿਆਸ ਸ਼ੁਰੂ, ਸ਼ੋਅ ਲਈ APP 'ਤੇ ਬੁੱਕ ਕਰਨੀਆਂ ਪੈਣਗੀਆਂ ਸੀਟਾਂ
Air Show Practice Begins: ਹਵਾਈ ਸੈਨਾ ਦਿਵਸ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਵੀਰਵਾਰ ਨੂੰ ਪਹਿਲੀ ਵਾਰ ਹਵਾਈ ਸੈਨਾ ਦੇ ਹੈਲੀਕਾਪਟਰਾਂ ਅਤੇ ਜਹਾਜ਼ਾਂ ਨੇ ਸੁਖਨਾ ਝੀਲ 'ਤੇ ਪ੍ਰੋਗਰਾਮ ਦਾ ਅਭਿਆਸ ਕੀਤਾ। ਇਸ ਦੌਰਾਨ ਇੱਥੇ ਪੁੱਜੇ ਸੈਲਾਨੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਨ੍ਹੀਂ ਦਿਨੀਂ ਭਾਰਤੀ ਹਵਾਈ ਸੈਨਾ (IAF) ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 8 ਅਕਤੂਬਰ ਨੂੰ ਸੁਖਨਾ ਝੀਲ 'ਤੇ ਹੋਣ ਵਾਲੇ ਏਅਰ ਸ਼ੋਅ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਪਹਿਲੀ ਵਾਰ ਏਅਰਫੋਰਸ ਸਟੇਸ਼ਨ ਦੇ ਬਾਹਰ ਏਅਰ ਫੋਰਸ ਏਅਰ ਸ਼ੋਅ ਹੋ ਰਿਹਾ ਹੈ। ਦੱਸ ਦੇਈਏ ਕਿ ਹਰ ਸਾਲ 8 ਅਕਤੂਬਰ ਨੂੰ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਹਵਾਈ ਸੈਨਾ ਦਿਵਸ ਮਨਾਇਆ ਜਾਂਦਾ ਸੀ ਪਰ ਪਹਿਲੀ ਵਾਰ ਹਵਾਈ ਸੈਨਾ ਇਸ ਦਿਨ ਨੂੰ ਗਾਜ਼ੀਆਬਾਦ ਤੋਂ ਬਾਹਰ ਮਨਾਏਗੀ ਅਤੇ ਇਸ ਲਈ ਚੰਡੀਗੜ੍ਹ ਨੂੰ ਚੁਣਿਆ ਗਿਆ ਹੈ। ਸੁਖਨਾ ਝੀਲ 'ਤੇ ਹੋਣ ਵਾਲੇ ਇਸ ਪ੍ਰੋਗਰਾਮ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਸਮੇਤ ਹਜ਼ਾਰਾਂ ਲੋਕ ਹਿੱਸਾ ਲੈਣਗੇ। ਇਹ ਵੀ ਪੜ੍ਹੋ: ਦਿੱਲੀ 'ਚ PFI ਦੇ ਤਿੰਨ ਟਿਕਾਣਿਆਂ 'ਤੇ ਛਾਪੇਮਾਰੀ, ਸੀਲ ਕਰਨ ਦੇ ਦਿੱਤੇ ਹੁਕਮ ਪ੍ਰੋਗਰਾਮ 'ਚ ਆਧੁਨਿਕ ਲੜਾਕੂ ਜਹਾਜ਼ ਰਾਫੇਲ ਅਤੇ ਚਿਨੂਕ ਹੈਲੀਕਾਪਟਰ ਸਮੇਤ ਹੋਰ ਜਹਾਜ਼ ਆਪਣੀ ਤਾਕਤ ਦਿਖਾਉਣਗੇ। ਸੂਰਿਆ ਕਿਰਨ ਐਰੋਬੈਟਿਕ ਟੀਮ ਵੀ ਇਸ ਸਮਾਗਮ ਦੌਰਾਨ ਹੋਣ ਵਾਲੇ ਏਅਰ ਸ਼ੋਅ ਵਿੱਚ ਆਪਣੇ ਕਰਤਬ ਦਿਖਾ ਕੇ ਦਰਸ਼ਕਾਂ ਦਾ ਮਨ ਮੋਹ ਲਵੇਗੀ। ਕਈ ਪੁਰਾਣੇ ਜਹਾਜ਼ ਵੀ ਅਸਮਾਨ ਵਿੱਚ ਉੱਡਣਗੇ। ਮੌਕੇ 'ਤੇ ਫਲਾਈਪਾਸਟ ਵੀ ਹੋਵੇਗਾ। ਏਅਰ ਸ਼ੋਅ 'ਚ ਏਅਰ ਫੋਰਸ ਦੇ ਸਾਰੇ ਅਧਿਕਾਰੀ ਮੌਜੂਦ ਰਹਿਣਗੇ। ਸੂਰਿਆ ਕਿਰਨ ਐਰੋਬੈਟਿਕ ਟੀਮ ਨੇ ਵੀਰਵਾਰ ਨੂੰ ਸੁਖਨਾ ਵਿਖੇ ਚਿਨੂਕ ਹੈਲੀਕਾਪਟਰ ਨਾਲ ਅਭਿਆਸ ਕੀਤਾ। ਸੁਖਨਾ ਝੀਲ 'ਤੇ ਸੁਰੱਖਿਆ ਕਾਰਨਾਂ ਕਰਕੇ ਸਿਰਫ਼ 30 ਤੋਂ 35 ਹਜ਼ਾਰ ਲੋਕ ਹੀ ਦਾਖ਼ਲਾ ਲੈ ਸਕਣਗੇ। ਸ਼ੋਅ ਦੇਖਣ ਦੇ ਚਾਹਵਾਨਾਂ ਨੂੰ ਯੂਟੀ ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਦੀ ਐਪ 'ਤੇ ਰਜਿਸਟਰ ਕਰਨਾ ਹੋਵੇਗਾ। ਰਜਿਸਟ੍ਰੇਸ਼ਨ ਮੁਤਾਬਕ ਲੋਕਾਂ ਨੂੰ ਸੁਖਨਾ 'ਤੇ ਖੜ੍ਹੇ ਜਾਂ ਬੈਠ ਕੇ ਸ਼ੋਅ ਦੇਖਣ ਲਈ ਵੱਖ-ਵੱਖ ਖੇਤਰ ਅਲਾਟ ਕੀਤੇ ਜਾਣਗੇ। ਸ਼ੋਅ ਟਿਕਟਾਂ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਸੁਖਨਾ ਦੇ ਆਸ-ਪਾਸ ਜਾਮ ਦੀ ਸਥਿਤੀ ਤੋਂ ਬਚਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਟਿਕਟ ਲੈਣ ਵਾਲਿਆਂ ਨੂੰ ਸੀਟੀਯੂ ਦੀਆਂ ਬੱਸਾਂ ਦੁਆਰਾ ਨਿਰਧਾਰਤ ਪਾਰਕਿੰਗ ਸਥਾਨ ਤੋਂ ਬੱਸਾਂ ਵਿੱਚ ਸੁਖਨਾ ਝੀਲ ਤੱਕ ਲਿਜਾਣ ਦਾ ਪ੍ਰਬੰਧ ਕੀਤਾ ਜਾਵੇਗਾ। -PTC News