ਪੰਜਾਬ 'ਚ ਭਰਵਾਂ ਮੀਂਹ ਪੈਣ ਨਾਲ ਪਾਵਰਕਾਮ ਨੇ ਲਿਆ ਸੁੱਖ ਦਾ ਸਾਹ
ਪਟਿਆਲਾ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਏ ਭਰਵੇਂ ਮੀਂਹ ਮਗਰੋਂ ਪਾਵਰਕਾਮ ਨੇ ਸੁੱਖ ਦਾ ਸਾਹ ਲਿਆ ਹੈ। ਮੀਂਹ ਤੋਂ ਪਹਿਲਾਂ ਝੋਨੇ ਦੀ ਲੁਆਈ ਸ਼ੁਰੂ ਹੋਣ ਕਾਰਨ ਬਿਜਲੀ ਦੀ ਮੰਗ ਕਾਫੀ ਵੱਧ ਗਈ ਸੀ। ਇਸ ਕਾਰਨ ਪਾਵਰਕਾਮ ਲੰਮੇ-ਲੰਮੇ ਬਿਜਲੀ ਕੱਟ ਲਗਾਉਣ ਲੱਗ ਪਿਆ ਸੀ। ਇਸ ਕਾਰਨ ਅੱਤ ਦੀ ਗਰਮੀ ਵਿੱਚ ਆਮ ਲੋਕਾਂ ਤੇ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਵਿਚਕਾਰ ਭਰਵਾਂ ਮੀਂਹ ਪੈਣ ਨਾਲ ਕਿਸਾਨਾਂ ਨੇ ਵੀ ਸੁੱਖ ਦਾ ਸਾਹ ਲਿਆ। ਇਸ ਦੌਰਾਨ ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਘੱਟ ਗਈ। ਥਰਮਲਾਂ ਦੇ ਯੂਨਿਟਾਂ ਤੋਂ ਇਲਾਵਾ 600 MW ਵਾਲੇ ਰਣਜੀਤ ਸਾਗਰ ਡੈਮ ਦਾ ਹਾਈਡਲ ਪ੍ਰੋਜੈਕਟ ਦੇ ਵੀ ਚਾਰੋ ਯੂਨਿਟ ਬੰਦ ਕਰ ਦਿੱਤੇ ਗਏ ਹਨ। ਪਾਵਰਕਾਮ ਦੇ ਸੂਤਰਾਂ ਅਨੁਸਾਰ ਇੱਕ ਦਿਨ ਪਹਿਲਾਂ ਤੱਕ ਬਿਜਲੀ ਦੀ ਮੰਗ 14200 ਮੈਗਾਵਾਟ ਸੀ ਪਰ ਮੀਂਹ ਪੈਣ ਨਾਲ ਬਿਜਲੀ ਮੰਗ ਘੱਟ ਕੇ 7200 ਮੈਗਾਵਾਟ ਰਹਿ ਗਈ ਹੈ। ਰੋਪੜ ਥਰਮਲ ਪਲਾਂਟ ਦੇ 4 ਵਿਚੋਂ 3 ਯੂਨਿਟ ਬੰਦ ਕਰ ਦਿੱਤੇ ਗਏ ਹਨ। 920 ਮੈਗਾਵਾਟ ਦੀ ਸਮਰੱਥਾ ਵਾਲੇ ਲਹਿਰਾ ਮੁਹੱਬਤ ਥਰਮਲ ਦਾ 1 ਯੂਨਿਟ ਤਕਨੀਕੀ ਖ਼ਰਾਬੀ ਕਾਰਨ ਪਹਿਲਾਂ ਹੀ ਬੰਦ ਸੀ ਤੇ ਅੱਜ 2 ਹੋਰ ਯੂਨਿਟ ਬੰਦ ਕਰ ਦਿੱਤੇ ਗਏ ਹਨ ਅੱਜ ਤੜਕੇ ਬਾਕੀ ਬਚਿਆ ਇੱਕ ਯੂਨਿਟ ਵੀ ਬਿਜਲੀ ਦੀ ਮੰਗ ਘੱਟਣ ਕਾਰਨ ਬੰਦ ਕਰ ਦਿੱਤਾ ਗਿਆ। 1980 ਮੈਗਾਵਾਟ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਭਾਵੇਂ ਤਿੰਨੇ ਹੀ ਯੂਨਿਟ ਚੱਲ ਰਹੇ ਹਨ ਪਰ ਉਨ੍ਹਾਂ ਨੂੰ ਵੀ ਅੱਧੀ ਸਮਰੱਥਾ ਉਤੇ ਚਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ 540 ਮੈਗਾਵਾਟ ਵਾਲੇ ਗੋਇੰਦਵਾਲ ਸਾਹਿਬ ਥਰਮਲ ਦੇ ਦੋਵੇਂ ਯੂਨਿਟਾਂ ਤੋਂ ਵੀ ਪੈਦਾਵਾਰ ਘਟਾ ਕੇ 300 ਕੀਤੀ ਗਈ ਹੈ। ਉਧਰ ਰਾਜਪੁਰਾ ਸਥਿਤ 1400 ਮੈਗਾਵਾਟ ਸਮਰੱਥਾ ਵਾਲੇ ਥਰਮਲ ਪਲਾਂਟ ਵੱਲੋਂ 670 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਇਸ ਭਰਵੇਂ ਮੀਂਹ ਕਾਰਨ ਪਾਵਰਕਾਮ ਨੇ ਸੁੱਖ ਦਾ ਸਾਹ ਲਿਆ। ਮੀਂਹ ਕਾਰਨ ਝੋਨੇ ਦੀ ਲੁਆਈ ਕਾਫੀ ਤੇਜ਼ ਹੋ ਗਈ ਹੈ। ਰਿਪੋਰਟ-ਗਗਨਦੀਪ ਆਹੂਜਾ ਪਟਿਆਲਾ ਇਹ ਵੀ ਪੜ੍ਹੋ : ਅਫਗਾਨਿਸਤਾਨ ਤੋਂ ਭਾਰਤ ਪੁੱਜੇ 11 ਸਿੱਖਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ