ਪੰਜਾਬ 'ਚ ਬਿਜਲੀ ਦੀ ਮੰਗ 10 ਹਜ਼ਾਰ 300 ਮੈਗਾਵਾਟ ਤੋਂ ਟੱਪੀ, PSPCL ਨੇ ਬਾਹਰੋਂ ਖਰੀਦੀ ਸਸਤੀ ਬਿਜਲੀ
ਪਟਿਆਲਾ: ਪੰਜਾਬ 'ਚ ਵਧਦੀ ਗਰਮੀ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਵਧ ਰਹੀ ਹੈ। ਇਸ ਦੇ ਨਾਲ ਹੀ ਪੰਜਾਬ 'ਚ ਬਿਜਲੀ ਦੀ ਮੰਗ ਦਾ ਰਿਕਾਰਡ ਵੀ ਟੁੱਟ ਗਿਆ ਹੈ। ਇਸ ਦੌਰਾਨ ਹੁਣ ਪੰਜਾਬ ਵਿੱਚ ਬਿਜਲੀ ਦੀ ਮੰਗ 10 ਹਜ਼ਾਰ 300 ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ ਹੈ। ਇਸ ਕਰਕੇ ਪੀਐਸਪੀਸੀਐੱਲ ਨੇ ਬਾਹਰੋਂ ਸਸਤੀ ਬਿਜਲੀ ਖਰੀਦੀ ਹੈ। ਉੱਤਰੀ ਭਾਰਤ ਵਿਚ ਗਰਮੀ ਇੱਕ ਵਾਰ ਫਿਰ ਜ਼ੋਰ ਫੜ ਰਹੀ ਹੈ। ਰਾਹਤ ਦੀ ਗੱਲ ਹੈ ਕਿ ਪੀਐਸਪੀਸੀਐੱਲ ਨੂੰ ਅੱਜ ਬਾਹਰੋਂ ਸਸਤੇ ਮੁੱਲ ’ਤੇ ਬਿਜਲੀ ਮਿਲਣ ਕਰਕੇ ਲੋਕਾਂ ਨੂੰ ਬਹੁਤੇ ਵੱਡੇ ਕੱਟਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਬਿਜਲੀ ਦੀ ਮੰਗ ਪੂਰਾ ਕਰਨ ਲਈ ਪੀਐਸੀਪੀਐੱਲ ਨੇ ਬਾਹਰੋਂ ਅੋਸਤਨ 5.58 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 40.30 ਮੀਲੀਅਨ ਯੂਨਿਟ ਬਿਜਲੀ 22.50 ਕਰੋੜ ’ਚ ਖਰੀਦੀ ਹੈ। ਇਸ ਤੋਂ ਪਹਿਲਾਂ ਬਾਹਰੋਂ ਬਿਜਲੀ 10.30 ਰੁਪਏ ਪ੍ਰਤੀ ਯੂਨਿਟ ਦੇ ਔਸਤਨ ਮੁੱਲ ’ਤੇ ਮਿਲ ਰਹੀ ਸੀ। ਬੀਤੇ ਦਿਨ ਬੰਦ ਹੋਏ ਲਹਿਰਾ ਮੁਹਬਤ ਦੇ ਦੋ ਯੂਨਿਟਾਂ ਵਿਚੋਂ ਇਕ ਯੂਨਿਟ ਤੇ ਕਈ ਦਿਨਾਂ ਤੋਂ ਬੰਦ ਪਿਆ ਰੋਪੜ ਦਾ ਇਕ ਯੂਨਿਟ ਤੋਂ ਬਿਜਲੀ ਉਤਪਾਦਨ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵਲੋਂ 10 ਜੂਨ ਤੋਂ ਝੋਨਾ ਲਗਾਉਣ ਦੇ ਐਲਾਨ ਨੇ ਪਾਵਰਕਾਮ ਦੀ ਚਿੰਤਾ ਵਧਾ ਦਿੱਤੀ। ਜੇਕਰ ਐਲਾਨ ਅਨੁਸਾਰ ਝੋਨੇ ਬੀਜਣ ਦਾ ਕੰਮ ਸ਼ੁਰੂ ਹੁੰਦਾ ਹੈ ਤਾਂ ਇਕਦਮ ਬਿਜਲੀ ਦੀ ਮੰਗ ਵਿੱਚ ਵੀ ਵਾਧਾ ਹੋਵੇਗਾ। ਥਰਮਲਾਂ ਦੇ ਪੂਰੇ ਯੂਨਿਟ ਨਾ ਚੱਲਣ ਕਰਕੇ ਪਾਵਰਕਾਮ ਨੂੰ ਮਹਿੰਗੇ ਮੁੱਲ ਉਤੇ ਬਾਹਰੋਂ ਬਿਜਲੀ ਖ਼ਰੀਦਣੀ ਪਵੇਗੀ ਤੇ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੁਣ ਤੱਕ ਪੀਐਸਪੀਸੀਐੱਲ 539 ਕਰੋੜ ਦੀ ਬਿਜਲੀ ਖਰੀਦ ਚੁੱਕਿਆ ਹੈ। ਇਹ ਵੀ ਪੜ੍ਹੋ : ਮੁਹਾਲੀ ਇੰਟੈਲੀਜੈਂਸ ਹੈੱਡਕੁਆਰਟਰ ਨੇੜੇ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ ਬਿਜਲੀ ਦੀ ਮੰਗ ਤੇ ਥਰਮਲਾਂ ਦੇ ਯੂਨਿਟਾਂ ਵਾਰ ਵਾਰ ਬੰਦ ਹੋਣ ਕਰਕੇ ਪੀਐਸਪੀਸੀਐਲ ਨੂੰ ਬਾਹਰੋਂ ਮਹਿੰਗੇ ਭਾਅ ਉੱਤੇ ਬਿਜਲੀ ਖਰੀਦਣੀ ਪਈ ਹੈ। ਪੰਜਾਬ ਵਿਚਲੇ ਥਰਮਲਾਂ ਤੋਂ ਜਿਥੇ ਪ੍ਰਤੀ ਯੂਨਿਟ 3.82 ਤੋਂ 4.20 ਰੁਪਏ ਤੱਕ ਬਿਜਲੀ ਮਿਲਦੀ ਹੈ ਉਥੇ ਹੀ ਬਾਹਰੋਂ ਔਸਤਨ 10.49 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦਣੀ ਪਈ ਹੈ। ਸੋਮਵਾਰ ਨੂੰ ਸੂਬੇ ਵਿਚ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਤੱਕ ਦਰਜ ਕੀਤੀ ਗਈ ਹੈ ਜਦੋਂਕਿ ਇਸ ਦੌਰਾਨ ਲਹਿਰਾ ਮੁਹਬਤ ਪਲਾਂਟ ਦੇ ਦੋ ਯੂਨਿਟ ਬੰਦ ਹੋਏ ਹਨ। (ਗਗਨਦੀਪ ਆਹੂਜਾ ਦੀ ਰਿਪੋਰਟ) -PTC News