ਸਿਮਰਨਜੀਤ ਸਿੰਘ ਮਾਨ ਨੂੰ ਜੰਮੂ ਕਸ਼ਮੀਰ ਦੀ ਅਦਾਲਤ 'ਚ ਪੇਸ਼ੀ ’ਤੇ ਜਾਣ ਤੋਂ ਰੋਕੇ ਜਾਣਾ ਬੇਹੱਦ ਮੰਦਭਾਗਾ - ਪ੍ਰੋ. ਚੰਦੂਮਾਜਰਾ
ਪਟਿਆਲਾ 15 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਚੰਦੂਮਾਜਰਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੂੰ ਜੰਮੂ ਕਸ਼ਮੀਰ ਪੁਲਿਸ ਪ੍ਰਸ਼ਾਸਨ ਵੱਲੋਂ ਰੋਕੇ ਜਾਣ ਨੂੰ ਸੰਵਿਧਾਨ ਹਾਕਾ ’ਤੇ ਡਾਕਾ ਕਰਾਰ ਦਿੱਤਾ। ਪ੍ਰੋ. ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਸੰਵਿਧਾਨ ਅਨੁਸਾਰ ਚੁਣੇ ਹੋਏ ਲੋਕਾਂ ਦੇ ਨੁਮਾਇੰਦੇ ਹਨ ਅਤੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਦੀ ਅਦਾਲਤ ਵਿਚ ਪੇਸ਼ੀ ’ਤੇ ਜਾਣ ’ਤੇ ਰੋਕਣਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਹਰ ਕਿਸੇ ਨੂੰ ਕਿਸੇ ਵੀ ਰਾਜ ਵਿਚ ਜਾਣ ਦਾ ਅਧਿਕਾਰ ਦਿੰਦਾ ਪ੍ਰੰਤੂ ਆਪਣੇ ਹੀ ਦੇਸ਼ ਵਿਚ ਕਾਨੂੰਨ ਦੇ ਦੋਹਰੇ ਮਾਪਦੰਡ ਸਾਹਮਣੇ ਆ ਰਹੇ ਹਨ ਅਤੇ ਸਿੱਖ ਦੋਹਰੇ ਮਾਪਦੰਡ ਦਾ ਸ਼ਿਕਾਰ ਹੋ ਰਹੇ ਹਨ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰਾਂ ਵੱਲੋਂ ਘੱਟ ਗਿਣਤੀਆਂ ’ਤੇ ਕੀਤੇ ਜਾ ਰਹੇ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਦੋਹਰੇ ਮਾਪਦੰਡਾਂ ਦੇ ਆਧਾਰ ’ਤੇ ਹੀ ਸਾਥੋਂ ਰਾਜਧਾਨੀ ਖੋਹੀ ਗਈ, ਪਾਣੀਆਂ ਦੀ ਵੰਡ ਅਤੇ ਪੰਜਾਬੀ ਬੋਲਦੇ ਇਲਾਕਿਆਂ ਤੋਂ ਵੀ ਸਾਡੇ ਅਧਿਕਾਰਾਂ ਨੂੰ ਖੋਹਣ ਦੇ ਕੋਝੇ ਯਤਨ ਅੱਜ ਵੀ ਜਾਰੀ ਹਨ।
ਇਕ ਸਵਾਲ ਦੇ ਜਵਾਬ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਗੰਨ ਕਲਚਰ ਨੂੰ ਲੈ ਕੇ ਸਰਕਾਰ ਵੱਲੋਂ ਲਾਇਸੰਸੀ ਹਥਿਆਰਾਂ ’ਤੇ ਰੋਕ ਲਾਉਣ ਦਾ ਫੈਸਲਾ ਵੀ ਵਾਜਿਬ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸੂਬੇ ਵਿਚ ਅਸ਼ਾਂਤੀ ਵਾਲਾ ਮਾਹੌਲ ਪੈਦਾ ਹੋ ਰਿਹਾ ਅਤੇ ਦੂਜੇ ਪਾਸੇ ਗੈਂਗਸਟਰਾਂ ਵੱਲੋਂ ਮੰਗੀਆਂ ਜਾ ਰਹੀਆਂ ਫਰੌਤੀ ਦੇ ਚੱਲਦਿਆਂ ਲਾਇਸੰਸੀ ਹਥਿਆਰਾਂ ’ਤੇ ਰੋਕ ਲਾਉਣਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਲਾਇਸੰਸੀ ਹਥਿਆਰਾਂ ਨਾਲ ਜੇ ਕੋਈ ਅਪਰਾਧ ਕਰਦਾ ਹੈ ਤਾਂ ਉਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਲਾਇਸੰਸੀ ਹਥਿਆਰਾਂ ’ਤੇ ਰੋਕ ਲਾਏ ਜਾਣ ਦੇ ਫੈਸਲੇ ’ਤੇ ਸਰਕਾਰ ਮੁੜ ਸਮੀਖਿਆ ਕਰ ਲਵੇ।
ਪ੍ਰੋ. ਚੰਦੂਮਾਜਰਾ ਨੇ ਹਰਿਆਣਾ ਕਮੇਟੀ ਦੇ ਮਸਲੇ ਦਾ ਹੱਲ ਹੋਣ ਬਾਰੇ ਪ੍ਰਤੀਕਿਰਆ ਦਿੰਦਿਆਂ ਕਿਹਾ ਕਿ ਹਰਿਆਣਾ ਦੇ ਮੈਂਬਰਾਂ ਨੂੰ ਸਰਕਾਰ ਵੱਲੋਂ ਬਣਾਈ ਕਮੇਟੀ ਨੂੰ ਪ੍ਰਵਾਨਗੀ ਨਹੀਂ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੀ ਜੇ ਹਰਿਆਣਾ ਕਮੇਟੀ ਨੂੰ ਅਜ਼ਾਦਾਨਾ ਤੌਰ ’ਤੇ ਕੰਮ ਕਰਨ ਦਾ ਅਖਤਿਆਰ ਦੇ ਦੇਣ ਤਾਂ ਸਿੱਖਾਂ ਨੂੰ ਦੋਫਾੜ ਕਰਨ ਵਾਲੀਆਂ ਸ਼ਕਤੀਆਂ ਆਪਣੇ ਮਨਸੂਬੇ ਵਿਚ ਕਦੇ ਵੀ ਸਫਲ ਨਹੀਂ ਹੋ ਸਕਣਗੀਆਂ ਇਸ ਕਰਕੇ ਉਨ੍ਹਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਹਰਿਆਣਾ ਕਮੇਟੀ ਦੇ ਮੈਂਬਰਾਂ ਦਾ ਵਫ਼ਦ ਸ੍ਰੀ ਅਕਾਲ ਤਖਤ ਸਾਹਿਬ ਸੱਦਿਆ ਜਾਵੇ ਅਤੇ ਮਿਲ ਬੈਠਕੇ ਇਸ ਮਸਲੇ ਦਾ ਸੰਜੀਦਾ ਹੱਲ ਕੱਢ ਲਿਆ ਜਾਵੇ।
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਹਰਬੰਸ ਸਿੰਘ ਲੰਗ ਨਿਰੰਜਣ ਸਿੰਘ ਫੌਜੀ, ਗੁਰਦੀਪ ਸਿੰਘ ਸ਼ੇਖੂਪੁਰਾ, ਜਸਵਿੰਦਰਪਾਲ ਸਿੰਘ ਚੱਢਾ, ਸੁਖਬੀਰ ਸਿੰਘ ਅਬਲੋਵਾਲ ਆਦਿ ਹਾਜ਼ਰ ਸਨ।
- PTC NEWS