ਸਿਮਰਨਜੀਤ ਸਿੰਘ ਮਾਨ ਦਾ ਵੱਡਾ ਐਲਾਨ, 2024 'ਚ ਪੰਜਾਬ ਤੋਂ ਨਹੀਂ ਸਗੋਂ ਕਸ਼ਮੀਰ ਤੋਂ ਲੜਨਗੇ ਚੋਣ
ਚੰਡੀਗੜ੍ਹ, 15 ਨਵੰਬਰ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਵਾਰ ਫਿਰ ਜੰਮੂ-ਕਸ਼ਮੀਰ ਤੋਂ ਖਾਲੀ ਹੱਥ ਪਰਤਣਾ ਪਿਆ ਹੈ। ਅਦਾਲਤ ਨੇ ਉਨ੍ਹਾਂ ਦੇ ਜੰਮੂ-ਕਸ਼ਮੀਰ 'ਚ ਦਾਖ਼ਲੇ 'ਤੇ ਪ੍ਰਸ਼ਾਸਨ ਵੱਲੋਂ ਧਾਰਾ 144 ਤਹਿਤ ਲਗਾਈ ਗਈ ਪਾਬੰਦੀ 'ਤੇ ਅਗਲੀ ਸੁਣਵਾਈ 29 ਨਵੰਬਰ ਨੂੰ ਤੈਅ ਕੀਤੀ ਹੈ। ਦੱਸਿਆ ਜਾ ਰਿਹਾ ਕਿ ਇਸ ਤੋਂ ਬਾਅਦ ਮਾਨ ਆਪਣੇ ਸਮਰਥਕਾਂ ਸਮੇਤ ਦੁਪਹਿਰ 3 ਵਜੇ ਦੇ ਕਰੀਬ ਪੰਜਾਬ ਪਰਤ ਆਏ। ਇਸ ਦੌਰਾਨ ਸੰਸਦ ਮੈਂਬਰ ਮਾਨ ਨੇ ਕਿਹਾ ਕਿ ਉਹ 2024 ਵਿੱਚ ਕਸ਼ਮੀਰ ਤੋਂ ਚੋਣ ਲੜਨਗੇ। ਇਸ ਤੋਂ ਬਾਅਦ ਕੋਈ ਤਾਕਤ ਉਨ੍ਹਾਂ ਨੂੰ ਕਸ਼ਮੀਰ ਆਉਣ ਤੋਂ ਨਹੀਂ ਰੋਕ ਸਕਦੀ।
ਸਿਮਰਨਜੀਤ ਸਿੰਘ ਮਾਨ ਐਤਵਾਰ ਸ਼ਾਮ ਕਰੀਬ 6.30 ਵਜੇ ਕਠੂਆ ਦੇ ਇਕ ਨਿੱਜੀ ਹੋਟਲ 'ਚ ਪਹੁੰਚੇ ਸਨ, ਜਿਸ ਦਾ ਸੁਰੱਖਿਆ ਏਜੰਸੀਆਂ ਨੂੰ ਕੋਈ ਸੁਰਾਗ ਨਹੀਂ ਮਿਲ ਸਕਿਆ ਜਦਕਿ ਸੰਸਦ ਮੈਂਬਰ ਮਾਨ ਦੀ ਪੇਸ਼ੀ ਦੀ ਤਰੀਕ ਨੂੰ ਮੁੱਖ ਰੱਖਦਿਆਂ ਲਖਨਪੁਰ 'ਚ ਪੁਲਿਸ ਤਾਇਨਾਤ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਬਿਨਾਂ ਸੁਰੱਖਿਆ ਦੇ ਮਾਨ ਕਠੂਆ ਜ਼ਿਲ੍ਹੇ ਵਿੱਚ ਦਾਖ਼ਲ ਹੋ ਕੇ ਹੈੱਡਕੁਆਰਟਰ ਪਹੁੰਚ ਗਏ।
ਮਾਮਲੇ ਦੀ ਸੂਚਨਾ ਮਿਲਦਿਆਂ ਹੀ ਜੰਮੂ-ਪਠਾਨਕੋਟ ਨੈਸ਼ਨਲ ਹਾਈਵੇਅ ਦੇ ਨਾਲ ਲੱਗਦੇ ਹੋਟਲ ਦੇ ਬਾਹਰ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਿਮਰਨਜੀਤ ਸਿੰਘ ਮਾਨ ਨੂੰ ਪਿਛਲੇ ਮਹੀਨੇ 17 ਅਕਤੂਬਰ ਨੂੰ ਲਖਨਪੁਰ ਵਿਖੇ ਜੰਮੂ-ਕਸ਼ਮੀਰ 'ਚ ਦਾਖਲ ਹੋਣ 'ਤੇ ਰੋਕ ਲਗਾ ਦਿੱਤੀ ਗਈ ਸੀ। ਜਿੱਥੇ ਉਨ੍ਹਾਂ ਤਿੰਨ ਦਿਨ ਰੋਸ ਪ੍ਰਦਰਸ਼ਨ ਕੀਤਾ ਅਤੇ ਚੌਥੇ ਦਿਨ ਵਾਪਸ ਆ ਗਏ। ਇਸ ਦੌਰਾਨ ਉਨ੍ਹਾਂ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਜਿੱਥੋਂ ਸੁਣਵਾਈ ਦੀ ਅਗਲੀ ਤਰੀਕ 14 ਨਵੰਬਰ ਤੈਅ ਕੀਤੀ ਗਈ ਸੀ।
ਦੂਜੇ ਪਾਸੇ ਇਸੇ ਦੌਰਾਨ ਜੰਮੂ ਪਠਾਨਕੋਟ ਨੈਸ਼ਨਲ ਹਾਈਵੇਅ ਦੇ ਨਾਲ ਲੱਗਦੇ ਨਿੱਜੀ ਹੋਟਲ ਨੂੰ ਐਤਵਾਰ ਸ਼ਾਮ ਤੋਂ ਹੀ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਜਿੱਥੇ ਮਾਨ ਅਚਾਨਕ ਪਹੁੰਚੇ ਸਨ। ਹੋਟਲ ਦੇ ਬਾਹਰ ਬਖਤਰਬੰਦ ਗੱਡੀਆਂ ਤੋਂ ਲੈ ਕੇ ਭਾਰੀ ਪੁਲਿਸ ਫੋਰਸ ਤਾਇਨਾਤ ਸੀ। ਇਸ ਤੋਂ ਪਹਿਲਾਂ ਮਾਨ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ 'ਹੋਟਲ 'ਚ ਹੀ ਹਿਰਾਸਤ 'ਚ ਲੈ ਲਿਆ ਅਤੇ ਇੱਥੇ ਕਿਹਾ ਗਿਆ ਹੈ ਕਿ ਉਹ ਅਦਾਲਤ ਦੇ ਫੈਸਲੇ ਤੱਕ ਹੋਟਲ 'ਚ ਹੀ ਰਹਿ ਸਕਦੇ ਹਨ।
ਸਿਮਰਨਜੀਤ ਮਾਨ ਨੇ ਕਿਹਾ ਕਿ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਇੱਕ ਹੈ। ਲੋਕ ਸਭਾ ਦਾ ਇੱਕ ਮੈਂਬਰ ਕਸ਼ਮੀਰ ਦੇ ਹਾਲਾਤ ਦੇਖਣਾ ਚਾਹੁੰਦਾ ਹੈ ਪਰ ਜਾਣ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦਿੱਤਾ ਗਿਆ ਹੈ। ਭਾਰਤ ਦੀ ਨਾਗਰਿਕਤਾ ਤਹਿਤ ਉਨ੍ਹਾਂ ਨੂੰ ਕਸ਼ਮੀਰ ਜਾਣ ਦਾ ਪੂਰਾ ਹੱਕ ਹੈ। ਮਾਨ ਨੇ ਦਾਅਵਾ ਕੀਤਾ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਕਸ਼ਮੀਰ ਤੋਂ ਲੜਨਗੇ ਅਤੇ ਉਸ ਤੋਂ ਬਾਅਦ ਦੇਸ਼ ਦੀ ਕੋਈ ਵੀ ਤਾਕਤ ਉਨ੍ਹਾਂ ਨੂੰ ਕਸ਼ਮੀਰ ਜਾਣ ਤੋਂ ਨਹੀਂ ਰੋਕ ਸਕੇਗੀ।
- PTC NEWS