ਅਕਾਲੀ ਦਲ ਵੱਲੋਂ ਕੇਜਰੀਵਾਲ ਤੋਂ ਉਦਘਾਟਨ ਕਰਵਾ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਨਿਖੇਧੀ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਮਾਤਾ ਕੌਸ਼ਲਿਆ ਹਸਪਤਾਲ ਦੇ ਇਕ ਵਾਰਡ ਦੇ ’ਉਦਘਾਟਨ’ ਵਾਸਤੇ ਕਰੋੜਾਂ ਰੁਪਏ ਬਰਬਾਦ ਕਰ ਕੇ ਪਟਿਆਲਾ ਨੂੰ ਰੋਕਣ ਦਾ ਕੰਮ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਕੋਰੋਨਾ ਵੇਲੇ ਸਥਾਪਿਤ ਸੈਂਟਰ ਤੋਂ ਮਸ਼ੀਨਰੀ ਹਸਪਤਾਲ ਵਿਚ ਲਿਆਂਦੀ ਗਈ ਹੈ।
ਅਕਾਲੀ ਦਲ ਦੇ ਲੀਗਲ ਸੈਲ ਦੇ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਤਾ ਕੌਸ਼ਲਿਆ ਹਸਪਤਾਲ ਵਿਚ ਇਕ ਵਾਰਡ ਦੇ ਉਦਘਾਟਨ ’ਤੇ ਕਰੋੜਾਂ ਰੁਪਏ ਖਰਚ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਇਆ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਸ ਇਮਾਰਤ ’ਤੇ ਸਿਰਫ ਲੀਪਾ ਪੋਚੀ ਕੀਤੀ ਗਈ ਹੈ ਤੇ ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੀ ਮਸ਼ੀਨਰੀ ਦੋ ਸਾਲਾਂ ਬਾਅਦ ਖੋਲ੍ਹੀ ਤੇ ਇੰਸਟਾਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕੁਝ ਵੀ ਠੋਸ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕਿ ਆਪ ਸਰਕਾਰ ਨੇ ਹਸਪਤਾਲ ਵਿਚ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦੌਰੇ ਵਾਸਤੇ 9 ਡਾਕਟਰ ਇਕ ਦਿਨ ਵਾਸਤੇ ਤਾਇਨਾਤ ਕੀਤੇ ਹਨ ਜਦੋਂ ਕਿ ਹਸਪਤਾਲ ਵਾਸਤੇ ਸਥਾਈ ਡਾਕਟਰ ਤਾਇਨਾਤ ਨਹੀਂ ਹਨ।
ਐਡਵੋਕੇਟ ਕਲੇਰ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਇਸ ਭ੍ਰਿਸ਼ਟਾਚਾਰ ਦਾ ਜਵਾਬ ਦੇਣ। ਉਹਨਾਂ ਕਿਹਾ ਕਿ ਤੁਸੀਂ ਦੁਬਾਰਾ ਪੇਂਟ ਕੀਤੀਆਂ ਇਮਾਰਤਾਂ ਦੇ ਉਦਘਾਟਨਾਂ ’ਤੇ ਵੱਡੇ ਪ੍ਰੋਗਰਾਮ ਕਰਵਾ ਕੇ ਪੰਜਾਬੀਆਂ ਨੂੰ ਮੂਰਖ ਨਹੀਂ ਬਣਾ ਸਕਦੇ ਜਿਵੇਂ ਕਿ ਤੁਸੀਂ ਪਹਿਲਾਂ ਸਕੂਲ ਆਫ ਐਮੀਨੈਂਸ ਵੇਲੇ ਕੀਤਾ।ਉਹਨਾਂ ਨੇ ਆਪ ਸਰਕਾਰ ਵੱਲੋਂ ਅਰਵਿੰਦ ਕੇਜਰੀਵਾਲ ਦੀ ਮੇਜ਼ਬਾਨੀ ਲਈ ਪਟਿਆਲਾ ਨੂੰ ਰੋਕਣ ਦਾ ਕੰਮ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਸ਼ਹਿਰ ਵਿਚ ਡੇਢ ਕਿਲੋਮੀਟਰ ਦੇ ਫਾਸਲੇ ਵਿਚ 660 ਹੋਰਡਿੰਗ ਲਗਾਏ ਗਏ ਹਨ।
ਉਹਨਾਂ ਕਿਹਾ ਕਿ ਪੰਜਾਬੀ ਇਸ ਝੂਠ ਦਾ ਹਿੱਸਾ ਬਣਨ ਵਾਸਤੇ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ ਤੇ ਵੱਖ-ਵੱਖ ਰੂਟਾਂ ਤੋਂ ਪੀ ਆਰ ਟੀ ਸੀ ਤੇ ਪਨਬਸ ਬੱਸਾਂ ਹਟਾ ਕੇ ਮੁਲਾਜ਼ਮਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਕਰਵਾਇਆ ਗਿਆ।
ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਕੀ ਉਹ ਕੇਜਰੀਵਾਲ ਦਾ ਰੁਤਬਾ ਘਟਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਅਕਾਲੀ ਦਲ ਦੀ ਸਰਕਾਰ ਵੇਲੇ ਜ਼ਿਲ੍ਹਾ ਪ੍ਰੀਸ਼ਦ ਪੱਧਰ ਦੇ ਆਗੂ ਆਯੋਜਿਤ ਕਰਦੇ ਸਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਮਾਤਾ ਕੌਸ਼ਲਿਆ ਹਸਪਤਾਲ 2011 ਵਿਚ ਢਾਹ ਕੇ ਦੁਬਾਰਾ ਬਣਾਇਆ ਗਿਆ ਸੀ ਤੇ ਉਸ ਵੇਲੇ ਇਸਦਾ ਨੀਂਹ ਪੱਥਰ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨੇ ਰੱਖਿਆ ਸੀ ਤੇ 2014 ਵਿਚ ਇਸਦਾ ਉਦਘਾਟਨ ਤਤਕਾਲੀ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ ਕੀਤਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੋਵੇਂ ਮੌਕਿਆਂ ’ਤੇ ਸ਼ਾਮਲ ਨਹੀਂ ਹੋਏ ਸਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਦੇ ਰਾਜ ਵਿਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਾਸਤੇ ਕੇਜਰੀਵਾਲ ਨੂੰ ਸੱਦ ਕੇ ਸਾਰੇ ਪ੍ਰੋਟੋਕੋਲ ਤੋੜੇ ਜਾ ਰਹੇ ਹਨ।
ਐਡਵੋਕੇਟ ਕਲੇਰ ਨੇ ਕਿਹਾ ਕਿ ਸਰਕਾਰ ਪੰਜਾਬੀਆਂ ਨੂੰ ਮਿਆਰੀ ਸਿੱਖਿਆ ਤੇ ਮੈਡੀਕਲ ਸਹੂਲਤਾਂ ਦੇਣ ਵਿਚ ਨਾਕਾਮ ਰਹੀ ਹੈ ਤੇ ਸਸਤੀ ਸ਼ੋਹਰਤ ਹਾਸਲ ਕਰਨ ਵਿਚ ਲੱਗੀ ਹੈ। ਉਹਨਾਂ ਕਿਹਾ ਕਿ ਜਦੋਂ ਬੱਦੋਵਾਲ ਵਿਚ ਸਕੂਲ ਦੀ ਇਮਾਰਤ ਡਿੱਗੀ ਤਾਂ ਸਕੂਲ ਅਧਿਆਪਕ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਸੈਂਕੜੇ ਸਕੂਲਾਂ ਵਿਚ ਅਧਿਆਪਕ ਨਹੀਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਸਾਰਾ ਸਿਹਤ ਢਾਂਚਾ ਆਮ ਆਦਮੀ ਕਲੀਨਿਕ ਬਣਾਉਣ ਵਿਚ ਬਰਬਾਦ ਕਰ ਦਿੱਤਾ ਗਿਆ ਹੈ ਤੇ ਇਹ ਸਹੀ ਢੰਗ ਨਾਲ ਕੰਮ ਵੀ ਨਹੀਂ ਕਰ ਰਹੇ ਕਿਉਂਕਿ 40 ਕਲੀਨਿਕਾਂ ਦਾ ਬਿੱਲ ਨਾ ਭਰਨ ਕਾਰਨ ਇੰਟਰਨੈਟ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਕੋਲ ਕਲੀਨਿਕਾਂ ਦੇ ਬਿੱਲ ਭਰਨ ਵਾਸਤੇ ਪੈਸੇ ਨਹੀਂ ਹਨ ਜਦੋਂ ਕਿ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਕਰੋੜਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ।
ਅਕਾਲੀ ਆਗੂ ਨੇ ਮੁੱਖ ਮੰਤਰੀ ਵੱਲੋਂ ਕੇਜਰੀਵਾਲ ਦੇ ਦਬਾਅ ਹੇਠ ਆ ਕੇ 10 ਸੀਟਾਂ ਵਾਲਾ ਜਹਾਜ਼ ਕੇਜਰੀਵਾਲ ਦੇ ਚੋਣ ਪ੍ਰਚਾਰ ਵਾਸਤੇ ਕਿਰਾਏ ’ਤੇ ਲੈਣ ਦੇ ਫੈਸਲੇ ਦੀ ਵੀ ਨਿਖੇਧੀ ਕੀਤੀ।
ਵੇਰਵੇ ਸਾਂਝੇ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦਾ ਭੂਗੋਲਿਕ ਖੇਤਰ ਇਸ ਤਰੀਕੇ ਦਾ ਹੈ ਕਿ ਹੈਲੀਕਾਪਟਰ ਵਿਚ ਇਕ ਘੰਟੇ ਵਿਚ ਸਫਰ ਤੇਅ ਹੋ ਸਕਦਾ ਹੈ। ਉਹਨਾਂ ਕਿਹਾ ਕਿ 10 ਸੀਟਾਂ ਵਾਲੇ ਅਜਿਹੇ ਜਹਾਜ਼ ਦੀ ਲੋੜ ਨਹੀਂ ਹੈ ਜੋ ਕੇਜਰੀਵਾਲ ਨੂੰ ਚਾਹੀਦਾ ਹੈ ਜਿਸਨੇ ਵੱਖ-ਵੱਖ ਰਾਜਾਂ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਕਰਨਾ ਹੈ ਤੇ ਇਸ ਲਈ 70 ਕਰੋੜ ਰੁਪਏ ਬਰਬਾਦ ਕੀਤੇ ਜਾ ਰਹੇ ਹਨ।
- PTC NEWS