ਹਿਮਾਚਲ ਪ੍ਰਦੇਸ਼ ਦੇ ਨਤੀਜੇ ਉਤਸ਼ਾਹਜਨਕ; ਗੁਜਰਾਤ 'ਚ ਭਾਜਪਾ-ਆਪ ਵਿਚਾਲੇ ਮੈਚ ਫਿਕਸ: ਵੜਿੰਗ
ਚੰਡੀਗੜ੍ਹ, 8 ਦਸੰਬਰ: ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਇਹ ਪੂਰੇ ਦੇਸ਼ ਅਤੇ ਖਾਸ ਕਰਕੇ ਗੁਆਂਢੀ ਸੂਬੇ ਪੰਜਾਬ ਦੇ ਵਰਕਰਾਂ ਵਿੱਚ ਉਤਸ਼ਾਹਜਨਕ ਹੈ।
ਇਸ ਦੌਰਾਨ ਵੜਿੰਗ ਨੇ ਕਿਹਾ ਕਿ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਦੂਜੇ ਦੀ ਮਦਦ ਕਰਨ ਦਾ ਇਤਿਹਾਸ ਰਚਿਆ ਗਿਆ ਹੈ, ਜਿਸ ਨਾਲ ਉਨ੍ਹਾਂ ਵੱਲੋਂ ਖੇਡਿਆ ਗਿਆ ਫਿਕਸ ਮੈਚ ਸਭ ਦੇ ਸਾਹਮਣੇ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਸੀ ਕਿ ‘ਆਪ’ ਗੁਜਰਾਤ ਵਿੱਚ ਭਾਜਪਾ ਦੀ ਮਦਦ ਕਰ ਰਹੀ ਸੀ ਅਤੇ ਹੁਣ ਇਹ ਗੱਲ ਸਾਹਮਣੇ ਆ ਗਈ ਹੈ। ਜਦੋਂਕਿ ਹਿਮਾਚਲ ਵਿੱਚ 'ਆਪ' ਦਾ ਕੋਈ ਆਧਾਰ ਨਹੀਂ ਹੈ ਅਤੇ ਕਾਂਗਰਸ ਨੇ ਆਸਾਨੀ ਨਾਲ ਭਾਜਪਾ ਨੂੰ ਖੁੱਡੇ ਲਾਈਨ ਲਗਾ ਦਿੱਤਾ ਹੈ।
ਉਂਜ ਇਨ੍ਹਾਂ ਨਤੀਜਿਆਂ ਵਿੱਚ ਇੱਕ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ‘ਆਪ’ ਦਾ ਗੁਬਾਰਾ ਫਟ ਗਿਆ ਹੈ, ਜਿਸਦੀ ਉਮੀਦ ਕੀਤੀ ਜਾ ਰਹੀ ਸੀ ਅਤੇ ਲੋਕ ਪੰਜਾਬ ਦੇ ਖ਼ਜ਼ਾਨੇ ’ਤੇ ਬੋਝ ਪਾ ਕੇ ਕੀਤੇ ਜਾ ਰਹੇ ਝੂਠ ਅਤੇ ਫਰੇਬ ਪ੍ਰਚਾਰ ਨੂੰ ਸਮਝ ਚੁੱਕੇ ਹਨ।
ਹਿਮਾਚਲ 'ਚ ਪੂਰੇ ਜੋਸ਼ ਨਾਲ ਚੋਣ ਪ੍ਰਚਾਰ ਕਰਨ ਵਾਲੇ ਵੜਿੰਗ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਕਿਹਾ ਕਿ ਇਹ ਜਿੱਤ ਪੰਜਾਬ ਦੇ ਵਰਕਰਾਂ ਲਈ ਬਹੁਤ ਮਹੱਤਵਪੂਰਨ ਹੈ, ਜਿਨ੍ਹਾਂ ਨੇ ਉੱਥੇ ਸਖਤ ਮਿਹਨਤ ਕੀਤੀ ਸੀ ਅਤੇ ਹੁਣ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਖੁਦ ਨੂੰ ਹੋਰ ਜ਼ਿਆਦਾ ਉਤਸਾਹਿਤ ਮਹਿਸੂਸ ਕਰ ਰਹੇ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਾਲੇ ਸੀ, ਕਿਉਂਕਿ ਸੂਬੇ ਵਿਚ ਦੋਵੇਂ ਪਾਰਟੀਆਂ ਨੇ ਜਿੱਤ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਕਾਂਗਰਸ ਪਾਰਟੀ ਹੋਰ ਸੂਬਿਆਂ ਵਿਚ ਆਉਣ ਵਾਲੀਆਂ ਚੋਣਾਂ ਵਿਚ ਆਪਣੇ ਅਨੁਪਾਤ ਵਿਚ ਹੋਰ ਸੁਧਾਰ ਕਰੇਗੀ।
ਇਹ ਵੀ ਪੜ੍ਹੋ: ਪੁਲਿਸ ਨੇ ਮੈਰਿਜ ਪੈਲੇਸਾਂ ਦੇ ਬਾਹਰ ਬ੍ਰੈਥ ਐਨੇਲਾਈਜ਼ਰ ਰਾਹੀਂ ਕੀਤੀ ਗਈ ਚੈਕਿੰਗ
ਵੜਿੰਗ ਨੇ ਉਮੀਦ ਜਤਾਈ ਹੈ ਕਿ ਇਹ ਕਾਂਗਰਸ ਲਈ ਨਵੀਂ ਸ਼ੁਰੂਆਤ ਹੋਵੇਗੀ ਅਤੇ ਹਿਮਾਚਲ ਦੇ ਨਤੀਜੇ ਅਗਲੇ ਸਾਲ ਹੋਣ ਵਾਲੀਆਂ ਕਈ ਵਿਧਾਨ ਸਭਾਵਾਂ ਦੀਆਂ ਚੋਣਾਂ ਅਤੇ 2024 ਦੀਆਂ ਆਮ ਚੋਣਾਂ ਲਈ ਰਾਹ ਪੱਧਰਾ ਕਰਨਗੇ।
ਪਿਛਲੇ ਕਈ ਮਹੀਨਿਆਂ ਤੋਂ ਗੁਜਰਾਤ ਵਿੱਚ ਭਾਜਪਾ ਲਈ ਪ੍ਰਚਾਰ ਕਰ ਰਹੇ ਪੰਜਾਬ ਦੇ 'ਆਪ' ਆਗੂਆਂ 'ਤੇ ਚੁਟਕੀ ਲੈਂਦਿਆਂ, ਉਨ੍ਹਾਂ ਕਿਹਾ ਕਿ ਇਹ ਕਾਂਗਰਸ ਹੀ ਹੈ ਅਤੇ ਸਿਰਫ਼ ਕਾਂਗਰਸ ਹੀ ਭਾਜਪਾ ਨੂੰ ਕਦੇ ਵੀ, ਕਿਤੇ ਵੀ ਹਰਾ ਸਕਦੀ ਹੈ।
- PTC NEWS