Delhi Cabinet: CM ਅਰਵਿੰਦ ਕੇਜਰੀਵਾਲ ਦੇ ਪ੍ਰਸਤਾਵ ਨੂੰ ਮਨਜ਼ੂਰੀ, ਇਨ੍ਹਾਂ ਦੋਵਾਂ ਮੰਤਰੀਆਂ ਨੂੰ ਸੌਂਪਿਆ ਵਾਧੂ ਜ਼ਿੰਮੇਵਾਰੀਆਂ
Delhi Cabinet: ਦਿੱਲੀ ਸਰਕਾਰ ਦੇ ਦੋ ਮੰਤਰੀਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਅਸਤੀਫੇ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ, ਜਿਸ ਤੋਂ ਬਾਅਦ ਕੈਬਨਿਟ ਵਿੱਚ ਫੇਰਬਦਲ ਦੀਆਂ ਗੱਲਾਂ ਪੂਰੀ ਤਰ੍ਹਾਂ ਅਫਵਾਹ ਸਾਬਤ ਹੋਈਆਂ ਹਨ।
ਸਿਸੋਦੀਆ ਦਾ ਵਿੱਤ ਮੰਤਰਾਲਾ ਮੰਤਰੀ ਕੈਲਾਸ਼ ਗਹਿਲੋਤ ਨੂੰ ਸੌਂਪਿਆ ਗਿਆ ਹੈ। ਅਜਿਹੇ 'ਚ ਕੈਲਾਸ਼ ਗਹਿਲੋਤ ਇਸ ਸਾਲ ਦਿੱਲੀ ਸਰਕਾਰ ਦਾ ਬਜਟ ਪੇਸ਼ ਕਰਨਗੇ।
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਸਰਕਾਰ ਦੇ ਮੰਤਰੀਆਂ ਕੈਲਾਸ਼ ਗਹਿਲੋਤ ਅਤੇ ਰਾਜਕੁਮਾਰ ਆਨੰਦ ਨੂੰ ਵਾਧੂ ਪੋਰਟਫੋਲੀਓ ਦੇਣ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਦਿੱਲੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਮੰਤਰੀ ਕੈਲਾਸ਼ ਗਹਿਲੋਤ ਨੂੰ ਵਿੱਤ, ਯੋਜਨਾ, ਲੋਕ ਨਿਰਮਾਣ ਵਿਭਾਗ, ਬਿਜਲੀ, ਗ੍ਰਹਿ, ਸ਼ਹਿਰੀ ਵਿਕਾਸ, ਸਿੰਚਾਈ ਅਤੇ ਹੜ੍ਹ ਕੰਟਰੋਲ ਅਤੇ ਜਲ ਵਿਭਾਗ ਦਿੱਤੇ ਗਏ ਹਨ। ਜਦਕਿ ਮੰਤਰੀ ਰਾਜ ਕੁਮਾਰ ਆਨੰਦ ਨੂੰ ਸਿੱਖਿਆ, ਜ਼ਮੀਨ ਅਤੇ ਇਮਾਰਤ, ਵਿਜੀਲੈਂਸ, ਸੇਵਾਵਾਂ, ਸੈਰ ਸਪਾਟਾ, ਕਲਾ ਸੱਭਿਆਚਾਰ ਅਤੇ ਭਾਸ਼ਾ, ਕਿਰਤ, ਰੁਜ਼ਗਾਰ, ਸਿਹਤ ਅਤੇ ਉਦਯੋਗ ਦਿੱਤੇ ਗਏ ਹਨ।
ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਨਾਲ ਮੰਤਰੀ ਸਤੇਂਦਰ ਜੈਨ ਨੇ ਵੀ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਨਜ਼ੂਰੀ ਦੇ ਦਿੱਤੀ ਹੈ।
ਸਿਸੋਦੀਆ ਨੇ ਕਥਿਤ ਸ਼ਰਾਬ ਘੁਟਾਲੇ ਵਿੱਚ ਸੀਬੀਆਈ ਦੀ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਅਸਤੀਫਾ ਦੇ ਦਿੱਤਾ, ਜਦੋਂ ਕਿ ਸਤੇਂਦਰ ਜੈਨ ਮਨੀ ਲਾਂਡਰਿੰਗ ਦੇ ਇੱਕ ਕੇਸ ਵਿੱਚ ਪਿਛਲੇ ਨੌਂ ਮਹੀਨਿਆਂ ਤੋਂ ਜੇਲ੍ਹ ਵਿੱਚ ਹੈ।
ਹਾਲਾਂਕਿ ਇਹ ਪਹਿਲਾਂ ਹੀ ਸਪੱਸ਼ਟ ਸੀ ਕਿ ਦੋਵੇਂ ਪੁਰਾਣੇ ਮੰਤਰੀਆਂ ਦੇ ਵਿਭਾਗ ਮੰਤਰੀਆਂ ਕੈਲਾਸ਼ ਗਹਿਲੋਤ ਅਤੇ ਰਾਜ ਕੁਮਾਰ ਆਨੰਦ ਨੂੰ ਸੌਂਪੇ ਜਾਣਗੇ, ਪਰ ਅਜਿਹੀਆਂ ਖਬਰਾਂ ਵੀ ਸਨ ਕਿ ਮੰਤਰੀ ਮੰਡਲ ਵਿੱਚ ਫੇਰਬਦਲ ਹੋ ਸਕਦਾ ਹੈ। ਇਸ ਨਾਲ ਸੌਰਭ ਭਾਰਦਵਾਜ ਅਤੇ ਆਤਿਸ਼ੀ ਦੇ ਨਾਵਾਂ ਦੀ ਚਰਚਾ ਤੇਜ਼ ਹੋ ਗਈ ਸੀ।
- PTC NEWS