ਪੰਜਾਬ ਦੇ ਹਲਾਤ ਵਿਗੜੇ, ਵਿੱਤੀ ਐਮਰਜੈਂਸੀ ਲਾਉਣ ਲਈ ਸਰਕਾਰ ਵਿੱਤੀ ਐਮਰਜੈਂਸੀ ਵੀ ਲਾ ਸਕਦੀ ਹੈ : ਪ੍ਰੋ. ਚੰਦੂਮਾਜਰਾ
ਪਟਿਆਲਾ, 4 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੂਬੇ ਵਿਚ ਵਿੱਤੀ ਹਲਾਤ ਵਿਗੜ ਚੁੱਕੇ ਹਨ, ਜੇਕਰ ਜਲਦ ਵਿੱਤੀ ਐਮਰਜੈਂਸੀ ਲਾਗੂ ਨਹੀਂ ਹੁੰਦੀ ਤਾਂ ਹਾਲਾਤ ਹੋਰ ਖ਼ਰਾਬ ਹੋ ਜਾਣਗੇ। ਪੰਜਾਬੀ ਯੂਨੀਵਰਸਿਟੀ, ਪੀਐਸਪੀਸੀਐਲ ਅਤੇ ਪੀਆਰਟੀਸੀ ਵਰਗੇ ਅਹਿਮ ਅਦਾਰੇ ਕਰਜ਼ੇ ਵਿਚ ਡੁੱਬਦੇ ਜਾ ਰਹੇ ਹਨ ਪਰ ਸਰਕਾਰ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੇ ਕੰਮਾਂ ’ਤੇ ਤੁਰੀ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਅਣ ਚਾਹੇ ਖਰਚੇ ਵਧੇ ਹਨ ਤੇ ਆਮਦਨ ਘਟਦੀ ਜਾ ਰਿਹਾ ਹੈ ਤੇ ਇਸ ਪਾੜੇ ਨੂੰ ਪੂਰਨ ਦੀ ਬਜਾਏ ਸਰਕਾਰ ਫੌਕੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਸ਼ਗਨ ਸਕੀਮ ਤਹਿਤ ਵੀ ਲੋੜਵੰਦਾਂ ਨੂੰ ਫੰਡ ਨਹੀਂ ਦਿੱਤਾ ਗਿਆ। ਆਯੂਸ਼ਮਾਨ ਯੋਜਨਾ ਦਾ ਪੈਸਾ ਵੀ ਖੁਰਦ ਬੁਰਦ ਕਰ ਦਿੱਤਾ ਗਿਆ ਹੈ, ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਆਂਗਣਵਾੜੀ ਕੇਂਦਰਾਂ ਦਾ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਹੈ। ਕੋਈ ਵੀ ਅਦਾਰਾ ਅਜਿਹਾ ਨਹੀਂ ਜੋ ਆਪਣੇ ਪੈਰਾਂ ’ਤੇ ਚੱਲ ਰਿਹਾ ਹੋਵੇ, ਸਿਸਟਮ ਬੁਰੀ ਤਰ੍ਹਾਂ ਢੈਹ ਢੇਰੀ ਹੋ ਚੁੱਕਿਆ ਹੈ। ਉਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਇਕੱਲੇ ਐਕਸਾਈਜ਼ ਵਿਭਾਗ ਤੋਂ ਕਰੋੜਾਂ ਦੀ ਆਮਦਨ ਕਰਨ ਦੇ ਦਾਅਵੇ ਕਰਨ ਵਾਲਾ ਅਰਵਿੰਦ ਕੇਜਰੀਵਾਲ ਵੀ ਕਿਤੇ ਨਜ਼ਰ ਨਹੀਂ ਆ ਰਿਹਾ ਹੈ। ਸਰਕਾਰ ਸੂਬੇ ਦੀ ਆਰਥਿਕਤਾ ਨੂੰ ਸਾਂਭ ਕੇ ਰੱਖਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ।
ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਸਾਢੇ 12 ਕਰੋੜ ਪ੍ਰਤੀ ਮਹੀਨਾ ਦੇ ਰਹੀ ਹੈ ਤੇ ਪਰ 39 ਕਰੋੜ ਖਰਚਾ ਇਕੱਲਾ ਤਨਖਾਹਾਂ ਦਾ ਹੀ ਖਰਚਾ ਹੈ ਤੇ ਹੁਣ ਦੋ ਮਹੀਨੇ ਤੋਂ ਤਨਖਾਹਾਂ ਵੀ ਨਹੀਂ ਮਿਲੀਆਂ। ਪੀਆਰਟੀਸੀ 400 ਕਰੋੜ ਦੇ ਘਾਟੇ ਵਿਚ ਚੱਲ ਰਹੀ ਹੈ, ਪੈਨਸ਼ਨ ਵੀ ਨਹੀ ਦਿੱਤੀ ਜਾ ਰਹੀ ਹੈ। ਪੀਐਸਪੀਸਐਲ ਨੂੰ ਸਮੇਂ ਸਿਰ ਸਬਸੀਡੀ ਨਾ ਦੇਣ ਤੇ ਸਰਕਾਰੀ ਮਹਿਕਮਿਆਂ ਦੇ ਕਰੋੜਾਂ ਦੇ ਬਕਾਇਆ ਬਿੱਲ ਨਾ ਭਰਨ ਕਰਕੇ ਅਹਿਮ ਮਹਿਕਮੇ ਦਾ ਭੱਠਾ ਬਿਠਾ ਦਿੱਤਾ ਹੈ। ਜੇਕਰ ਪੀਐਸਪੀਸੀਐਲ ਨੂੰ ਪੈਰਾਂ ਸਿਰ ਨਾ ਕੀਤਾ ਤਾਂ ਪੰਜਾਬ ’ਤੇ ਮਾਰੂ ਅਸਰ ਪਵੇਗਾ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਮੁੱਲ ਵਧਾ ਕੇ ਬਲਦੀ ’ਤੇ ਤੇਲ ਪਾਉਣ ਵਾਲਾ ਕੰਮ ਕੀਤਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਮੂੱਚੇ ਪੰਜਾਬੀਆਂ ਨੂੰ ਇਕੱਠੇ ਕਰਕੇ ਢਾਂਚੇ ਦੇ ਹੋ ਰਹੇ ਨੁਕਸਾਨ ਨੂੰ ਬਚਾਉਣਾ ਚਾਹੀਦਾ ਸੀ, ਪਰ ਸਰਕਾਰ ਦੀ ਨਿਲਾਇਕੀਆਂ ਕਰਕੇ ਸੂਬੇ ਨੂੰ ਮਾੜੇ ਨਤੀਜੇ ਭੁਗਤਣੇ ਪੈ ਰਹੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਆਰਥਿਕ ਸੰਕਟ ਤੋਂ ਬਚਾਉਣ ਲਈ ਵਿੱਤੀ ਐਮਰਜੈਂਸੀ ਲਾਉਣਾ ਹੀ ਇਕ ਹੱਲ ਨਾ ਹੋ ਜਾਵੇ ਕਿਤੇ।
- PTC NEWS